ਗੰਨੇ ਦਾ ਭਾਅ ਵਧਣ ਦੇ ਫ਼ੈਸਲੇ ਨਾਲ ਕਿਸਾਨਾਂ ਦੇ ਚਿਹਰੇ ਖਿੜੇ

ਜਲੰਧਰ

ਗੰਨੇ ਦਾ ਭਾਅ ਵਧਾਉਣ ਲਈ ਕੀਤੇ ਗਏ ਸੰਘਰਸ਼ ਨੂੰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਵੱਡੀ ਜਿੱਤ ਕਰਾਰ ਦਿੰਦਿਆਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਉਹ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਅੰਦੋਲਨ ਵਿੱਚ ਹਿੱਸਾ ਲੈਣ ਲਈ ਚਾਲੇ ਪਾਉਣ। ਪਿਛਲੇ ਪੰਜਾਂ ਦਿਨਾਂ ਤੋਂ ਕੌਮੀ ਮਾਰਗ ਤੇ ਰੇਲ ਮਾਰਗ ’ਤੇ ਧਰਨਾ ਲਾ ਕੇ ਬੈਠੇ ਕਿਸਾਨਾਂ ਨੇ ਅੱਜ ਗੰਨੇ ਦਾ ਭਾਅ 360 ਰੁਪਏ ਮਿਲਣ ਦੇ ਫੈਸਲੇ ਨਾਲ ਹੀ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਤੇ ਬੰਦ ਪਿਆ ਕੌਮੀ ਮਾਰਗ ਖੋਲ੍ਹ ਦਿੱਤਾ ਗਿਆ। ਕੌਮੀ ਮਾਰਗ ਖੁੱਲ੍ਹਣ ਨਾਲ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੀ ਹੈ ਜਿਨ੍ਹਾਂ ਨੂੰ ਪਿਛਲੇ ਦਿਨਾਂ ਤੋਂ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਪਿੰਡਾਂ ’ਚ ਭਟਕਣਾ ਪੈ ਰਿਹਾ ਸੀ।

ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਕੌਮੀ ਮਾਰਗ ਤੇ ਰੇਲ ਮਾਰਗ ਤੋਂ ਧਰਨਾ ਸਮਾਪਤ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਵੱਡੀ ਲੜਾਈ ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਚੱਲ ਰਹੀ ਹੈ। ਪੰਜਾਬ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਦਿੱਲੀ ਨੂੰ ਕੂਚ ਕੀਤਾ ਜਾਵੇਗਾ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਦੇ ਇਸ ਸੰਘਰਸ਼ ਨੇ ਇਹ ਮਾਣ ਵੀ ਹਾਸਲ ਕੀਤਾ ਹੈ ਕਿ ਦੇਸ਼ ਵਿੱਚ ਸਭ ਤੋਂ ਵੱਧ ਭਾਅ ਪੰਜਾਬ ਵਿੱਚ ਮਿੱਥਿਆ ਗਿਆ ਹੈ।

ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੰਨੇ ਦਾ ਭਾਅ 360 ਰੁਪਏ ਐਲਾਨਿਆ ਤਾਂ ਧੰਨੋਵਾਲੀ ਫਾਟਕ ਨੇੜੇ ਧਰਨਾ ਲਾ ਕੇ ਬੈਠੇ ਕਿਸਾਨਾਂ ਦੇ ਚਿਹਰੇ ਖਿੜ ਉੱਠੇ। ਧਰਨੇ ਵਾਲੀ ਥਾਂ ’ਤੇ ਸਟੇਜ ਤੋਂ ਵਾਰ-ਵਾਰ ‘ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ’ ਅਤੇ ‘ਕਿਸਾਨ ਜਥੇਬੰਦੀਆਂ ਦਾ ਏਕਾ ਜ਼ਿੰਦਾਬਾਦ’ ਦੇ ਨਾਅਰੇ ਲੱਗਦੇ ਰਹੇ। ਇਸ ਮੌਕੇ ਕਿਸਾਨਾਂ ਨੇ ਲੱਡੂ ਵੰਡੇ ਅਤੇ ਖੁਸ਼ੀ ’ਚ ਭੰਗੜੇ ਪਾਏ। ਸਾਰੇ ਬੁਲਾਰਿਆਂ ਨੇ ਗੰਨੇ ਦੇ ਭਾਅ ਨੂੰ ਲੈ ਕੇ ਕੀਤੇ ਸੰਘਰਸ਼ ਵਿੱਚ ਕੀਤੀ ਪ੍ਰਾਪਤੀ ਨੂੰ ਵੱਡੀ ਜਿੱਤ ਦੱਸਿਆ। ਕਿਸਾਨ ਆਗੂ ਕਿਰਪਾਲ ਸਿੰਘ ਮੂਸਾਪੁਰ ਨੇ ਕਿਹਾ ਕਿ ਇਸ ਅੰਦੋਲਨ ਵਿੱਚ ਪੰਜੇ ਦਿਨ ਪੰਜਾਬ ਦੀਆਂ ਸਾਰੀਆਂ 32 ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਰਹੇ। ਜਥੇਬੰਦੀਆਂ ਦੀ ਇਸੇ ਏਕਤਾ ਨੇ ਸਰਕਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾਉਣ ਵਿੱਚ ਵੱਡੀ ਭੂਮਿਕਾ ਨਿਭਾਈ। ਅੱਜ ਧਰਨੇ ਵਿਚ ਬਲਵਿੰਦਰ ਸਿੰਘ, ਚਰਨਜੀਤ ਸਿੰਘ ਫਰੀਦਪੁਰ, ਕੁਲਦੀਪ ਸਿੰਘ ਦਿਆਲਾ, ਅਮਰਜੀਤ ਸਿੰਘ ਰੜਾ, ਹਰਸਲਿੰਦਰ ਸਿੰਘ ਢਿੱਲੋਂ, ਦਵਿੰਦਰ ਸਿੰਘ ਮਿੰਟਾ, ਕਮਲਜੀਤ ਸਿੰਘ ਖਾਲਸਾ ਪੰਡੋਰੀ ਤੇ ਹੋਰ ਕਿਸਾਨ ਆਗੂ ਹਾਜ਼ਰ ਸਨ।

Leave a Reply

Your email address will not be published.