ਗੁਪਕਾਰ ਗੱਠਜੋੜ ਨੇ ਜੰਮੂ ਕਸ਼ਮੀਰ ਲਈ ਰਾਜ ਦੇ ਦਰਜੇ ਦੀ ਮੰਗ ਦੁਹਰਾਈ

ਸ੍ਰੀਨਗਰ:

ਗੁਪਕਾਰ ਗੱਠਜੋੜ ਨੇ ਅੱਜ ਮੁੜ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜ ਅਗਸਤ, 2019 ਤੋਂ ਪਹਿਲਾਂ ਦਾ ਦਰਜਾ ਬਹਾਲ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਰਾਜ ਦਾ ਵਿਸ਼ੇਸ਼ ਦਰਜਾ ਵਾਪਸ ਲੈ ਕੇ ਇਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਤਬਦੀਲ ਕਰ ਦਿੱਤਾ ਸੀ। ਜੰਮੂ ਕਸ਼ਮੀਰ ਦੀਆਂ ਛੇ ਮੁੱਖ ਪਾਰਟੀਆਂ (ਗੁਪਕਾਰ ਗੱਠਜੋੜ) ਨੇ ਅੱਜ ਚੇਅਰਮੈਨ ਫਾਰੂਕ ਅਬਦੁੱਲਾ (ਨੈਸ਼ਨਲ ਕਾਨਫਰੰਸ) ਦੀ ਰਿਹਾਇਸ਼ ’ਤੇ ਬੈਠਕ ਕੀਤੀ। ਮੀਟਿੰਗ ਵਿਚ ਕਈ ਛੋਟੇ ਤੇ ਦਰਮਿਆਨੇ ਪੱਧਰ ਦੇ ਆਗੂ ਵੀ ਹਾਜ਼ਰ ਸਨ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਗੱਠਜੋੜ ਦੇ ਬੁਲਾਰੇ ਤੇ ਸੀਪੀਐਮ ਆਗੂ ਐਮ.ਵਾਈ. ਤਰੀਗਾਮੀ ਨੇ ਕਿਹਾ ਕਿ ਵਿਸ਼ੇਸ਼ ਦਰਜੇ ਦੀ ਬਹਾਲੀ ਮੰਗਣਾ ਰਾਜ ਦੇ ਲੋਕਾਂ ਦਾ ਸੰਵਿਧਾਨਕ ਹੱਕ ਹੈ। ਇਸ ਤੋਂ ਇਲਾਵਾ ਹੋਰ ਕੁਝ ਨਹੀਂ ਮੰਗਿਆ ਜਾ ਰਿਹਾ ਹੈ। ਇਸ ਮੌਕੇ ਪੀਡੀਪੀ ਆਗੂ ਮਹਿਬੂਬਾ ਮੁਫ਼ਤੀ ਵੀ ਹਾਜ਼ਰ ਸੀ। ਆਗੂਆਂ ਨੇ ਕਿਹਾ ਕਿ ਕੁਝ ਲੋਕ ਗੱਠਜੋੜ ਦੀਆਂ ਮੰਗਾਂ ਨੂੰ ਕੋਈ ਹੋਰ ਹੀ ਰੰਗਤ ਦੇ ਰਹੇ ਹਨ ਤੇ ਇਨ੍ਹਾਂ ਨੂੰ ‘ਦੇਸ਼ ਵਿਰੋਧੀ ਕਾਰਵਾਈ’ ਦੱਸ ਰਹੇ ਹਨ। ਆਗੂਆਂ ਨੂੰ ਬਦਨਾਮ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਕਿ ਲੋਕਾਂ ਦੀ ਆਵਾਜ਼ ਇਸ ਤਰ੍ਹਾਂ ਦਬਾਈ ਗਈ ਹੋਵੇ। ਗੁਪਕਾਰ ਗੱਠਜੋੜ ਦੇ ਆਗੂਆਂ ਨੇ ਕਿਹਾ ਕਿ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਸੰਭਵ ਨਹੀਂ ਹੈ। ਬੁਲਾਰੇ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਲੋਕਾਂ ਦੀ ਚੁੱਪ ਨੂੰ ਹਾਲਾਤ ਆਮ ਹੋਣਾ ਮੰਨ ਲਿਆ ਗਿਆ ਹੈ। ਸੀਪੀਐਮ ਆਗੂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਉਨ੍ਹਾਂ ਨੂੰ ਤੰਗ ਕਰਨ ਦਾ ਅਹਿਦ ਕੀਤਾ ਹੈ। ਉਹ (ਸਰਕਾਰ) ਇਸ ਵਿਚ ਮਾਣ ਮਹਿਸੂਸ ਕਰਦੇ ਹਨ ਤੇ ਉਹ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਤਰੀਗਾਮੀ ਨੇ ਕਿਹਾ ਕਿ ਗੱਠਜੋੜ ਦੇਸ਼ ਤੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਉਹ ਉਨ੍ਹਾਂ ਹੱਕਾਂ ਦੀ ਰਾਖੀ ਲਈ ਵਚਨਬੱਧ ਹਨ ਜਿਨ੍ਹਾਂ ਦੀ ਗਰੰਟੀ ਸੰਵਿਧਾਨ ਵਿਚ ਦਿੱਤੀ ਗਈ ਹੈ।

Leave a Reply

Your email address will not be published.