ਗੰਗਾ ਤੇ ਜੰਜੂ ਖ਼ਾਤਰ ਛੱਡ ਆਏ ਜ਼ਿਮੀਂਦਾਰੀਆਂ,ਪਾਕਿਸਤਾਨ ਤੋਂ ਆਏ ਅੰਮ੍ਰਿਤਸਰ ਆਏ ਇਹ ਪਰਿਵਾਰ ਅੱਜ ਵੀ ਬੋਲਦੇ ਹਨ ਮਾਂ ਬੋਲੀ ਹਿੰਦਕੋ

ਛੇਹਰਟਾ : ਖੰਡਵਾਲਾ ਸਥਿਤ ਪਿਸ਼ੌਰੀ ਕਾਲੋਨੀ ਵਾਸੀ 1956 ’ਚ ਸਿਰਫ਼ ਆਪਣੇ ਧਰਮ, ਗੰਗਾ ਤੇ ਜੰਜੂ ਦੀ ਖ਼ਾਤਰ ਪਾਕਿਸਤਾਨ ’ਚ ਆਪਣੀਆਂ ਜ਼ਿਮੀਂਦਾਰੀਆਂ ਤੇ ਘਰ-ਬਾਰ ਛੱਡ ਕੇ ਭਾਰਤ ਆ ਗਏ ਸਨ। ਭਾਵੇਂ ਆਪਣੀ ਜਨਮ ਭੂਮੀ ਨੂੰ ਚੇਤੇ ਕਰਦਿਆਂ ਪਾਕਿਸਤਾਨ ਤੋਂ ਆਏ ਬਜ਼ੁਰਗ ਬਚਪਨ ਦੀਆਂ ਯਾਦਾਂ ’ਚ ਗੁਆਚ ਜਾਂਦੇ ਹਨ ਪਰ ਅਹਿਮ ਗੱਲ ਇਹ ਹੈ ਕਿ 65 ਵਰ੍ਹੇ ਬੀਤ ਜਾਣ ’ਤੇ ਵੀ ਇਸ ਕਾਲੋਨੀ ਦੇ ਬਸ਼ਿੰਦਿਆਂ ਨੇ ਆਪਣੇ ਸਭਿਆਚਾਰ, ਵਿਰਸੇ ਤੇ ਮਾਂ ਬੋਲੀ ਨੂੰ ਜ਼ਿੰਦਾ ਰੱਖਿਆ ਹੋਇਆ ਹੈ।

ਚੰਦਨ ਔਸ਼ਧਾਲਿਆ ਦੇ ਡਾ. ਬਸੰਤ ਲਾਲ ਚੰਦਨ ਨੇ ਦੱਸਿਆ ਕਿ ਜਦੋਂ ਉਹ ਸੂਬਾ ਸਰਹੱਦ ਦੇ ਜ਼ਿਲ੍ਹਾ ਕੁਹਾਟ ਤੋਂ ਭਾਰਤ ਆਏ, ਉਸ ਸਮੇਂ ਉਨ੍ਹਾਂ ਦੀ ਉਮਰ 8 ਸਾਲ ਸੀ। ਉਨ੍ਹਾਂ ਮੁਤਾਬਕ ਅਸਲ ’ਚ 1954 ’ਚ ਉਨ੍ਹਾਂ ਦੇ ਬਜ਼ੁਰਗ ਕੁੰਭ ਦੇ ਮੇਲੇ ’ਤੇ ਹਰਿਦੁਆਰ ਆਏ ਸਨ। ਇਸ ਦੌਰਾਨ ਉਹ ਉਸ ਵੇਲੇ ਦੇ ਪ੍ਰਧਾਨ ਪੰਡਿਤ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਮਿਲੇ। ਬਜ਼ੁਰਗਾਂ ਨੇ ਪੰਡਿਤ ਨਹਿਰੂ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਦੀਆਂ ਅਸਥੀਆਂ ਗੰਗਾ ’ਚ ਪ੍ਰਵਾਹ ਕਰਨ ਲਈ ਕਈ-ਕਈ ਵਰ੍ਹੇ ਭਾਰਤ ਆਉਣ ਦੀ ਉਡੀਕ ਕਰਨੀ ਪੈਂਦੀ ਹੈ। ਪੰਡਿਤ ਜੀ ਨੇ ਕਿਹਾ ਕਿ ਜੇਕਰ ਉਹ ਭਾਰਤ ਆ ਕੇ ਰਹਿਣਾ ਚਾਹੁੰਦੇ ਹਨ ਤਾਂ ਆ ਸਕਦੇ ਹਨ। ਇਸ ’ਤੇ ਉਨ੍ਹਾਂ ਦੇ ਬਜ਼ੁਰਗਾਂ ਨੇ ਭਾਰਤ ਆਉਣ ਦਾ ਫ਼ੈਸਲਾ ਕਰ ਲਿਆ। ਪੰਡਿਤ ਨਹਿਰੂ ਦੇ ਯਤਨਾਂ ਨਾਲ ਸਾਰੀ ਕਾਗ਼ਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਲਾਲਾ ਗੁਲੀ ਚੰਦ, ਪੰਡਿਤ ਪਦਮ ਲਾਲ, ਹਰੀਚੰਦ ਨਾਰੰਗ, ਜਗਤ ਰਾਮ, ਜੀਵਨ ਦਾਸ, ਮੇਵਾ ਰਾਮ ਸਰਹੱਦੀ, ਮੰਨਾ ਸਿੰਘ, ਹਰੀਦਾਸ, ਗੁਲਾਬ ਚੰਦ ਤੇ ਲਾਲ ਦਾਸ ਦੀ ਅਗਵਾਈ ’ਚ 1956 ’ਚ ਭਾਰਤ ਆ ਗਏ। ਹਿੰਦੂਆਂ ਤੇ ਸਿੱਖਾਂ ਦੇ 300-400 ਪਰਿਵਾਰ ਛੇਹਰਟਾ ਦੇ ਇਲਾਕੇ ’ਚ ਆ ਕੇ ਰਹਿਣ ਲੱਗ ਪਏ, ਜਿਸ ਨੂੰ ਅੱਜ-ਕੱਲ੍ਹ ਪਿਸ਼ੋਰੀ ਕਾਲੋਨੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 300-400 ਪਰਿਵਾਰ ਜਲੰਧਰ ’ਚ ਭਾਰਗੋ ਕੈਂਪ ਜਗਤ ਰਾਮ ਕਾਲੋਨੀ ਤੇ ਏਨੇ ਹੀ ਪਰਿਵਾਰ ਜ਼ਿਲ੍ਹਾ ਲੁਧਿਆਣਾ ਦੇ ਖੰਨਾ ਸ਼ਹਿਰ ’ਚ ਵੱਸ ਗਏ।

Leave a Reply

Your email address will not be published. Required fields are marked *