ਅਧਿਆਪਕਾਂ ਦੀ ਭਰਤੀ ਬਾਰੇ ਇਸ਼ਤਿਹਾਰ ਰੱਦ ਕਰਨ ਦਾ ਮਾਮਲਾ: ਨੌਕਰੀਆਂ ਲਈ ਅਰਜ਼ੀਆਂ ਦੇਣ ਵਾਲਿਆਂ ਵੱਲੋਂ ਪ੍ਰਦਰਸ਼ਨ

ਮੁਹਾਲੀ                                         

ਸਿੱਖਿਆ ਵਿਭਾਗ ਪੰਜਾਬ ਵੱਲੋਂ 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਵਾਲਾ ਇਸ਼ਤਿਹਾਰ ਰੱਦ ਕਰਨ ਤੋਂ ਨਾਰਾਜ਼ ਨੌਜਵਾਨ ਸੜਕਾਂ ’ਤੇ ਉੱਤਰ ਆਏ ਹਨ। ਅਧਿਆਪਕਾਂ ਦੀ ਭਰਤੀ ਲਈ ਅਪਲਾਈ ਕਰਨ ਵਾਲੇ ਲੜਕੇ-ਲੜਕੀਆਂ ਨੇ ਅੱਜ ਸਿੱਖਿਆ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਸਾਰੇ ਪ੍ਰਦਰਸ਼ਨਕਾਰੀ ਇੱਥੋਂ ਦੇ ਫੇਜ਼-8 ਸਥਿਤ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਤਰ ਹੋਏ ਅਤੇ ਉੱਥੋਂ ਪੈਦਲ ਰੋਸ ਮਾਰਚ ਕਰਦੇ ਹੋਏ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਫ਼ਤਰ ਪਹੁੰਚੇ ਪਰ ਉੱਥੇ ਤਾਇਨਾਤ ਪੁਲੀਸ ਨੇ ਉਨ੍ਹਾਂ ਨੂੰ ਭਵਨ ਦੇ ਮੁੱਖ ਗੇਟ ਤੋਂ ਅੰਦਰ ਨਹੀਂ ਜਾਣ ਦਿੱਤਾ, ਜਿਸ ਕਾਰਨ ਉਹ ਗੇਟ ਦੇ ਬਾਹਰ ਧਰਨਾ ਲਗਾ ਕੇ ਬੈਠ ਗਏ। ਇਸ ਮੌਕੇ ਐਨਟੀਟੀ ਫਰੈੱਸ਼ਰ ਯੂਨੀਅਨ ਪੰਜਾਬ (ਨਰਸਰੀ ਟੀਚਰ ਟਰੇਨਿੰਗ) ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ, ਮੀਤ ਪ੍ਰਧਾਨ ਨਾਜ਼ਰ ਸਿੰਘ ਪਟਿਆਲਾ, ਜਨਰਲ ਸਕੱਤਰ ਕੁਲਵਿੰਦਰ ਸਿੰਘ ਫਾਜ਼ਿਲਕਾ ਅਤੇ ਸੀਮਾ ਰਾਣੀ ਜਲੰਧਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਵਿਭਾਗ ਰਾਹੀਂ 23 ਨਵੰਬਰ 2020 ਨੂੰ 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ ਅਸਾਮੀਆਂ ਭਰਨ ਲਈ ਅਧਿਆਪਕਾਂ ਦੀ ਭਰਤੀ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਸੀ ਅਤੇ ਇਸ ਸਬੰਧੀ ਕਰੀਬ 80 ਹਜ਼ਾਰ ਤੋਂ ਵੱਧ ਨੌਜਵਾਨ ਲੜਕੇ ਲੜਕੀਆਂ ਨੇ ਅਪਲਾਈ ਕੀਤਾ ਸੀ। ਕੱਲ੍ਹ ਡਾਇਰੈਕਟਰ ਸਿੱਖਿਆ ਵਿਭਾਗ (ਐਲੀਮੈਂਟਰੀ) ਵੱਲੋਂ ਅਚਾਨਕ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਰੋਕ ਲਗਾਉਂਦਿਆਂ 8393 ਅਸਾਮੀਆਂ ਭਰਨ ਲਈ ਜਾਰੀ ਇਸ਼ਤਿਹਾਰ ਰੱਦ ਕਰ ਦਿੱਤਾ ਹੈ, ਜਿਸ ਕਾਰਨ ਨੌਜਵਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬੇਰੁਜ਼ਗਾਰ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਫੀਸਾਂ ਵਾਪਸ ਨਹੀਂ ਚਾਹੀਦੀਆਂ ਹਨ, ਬਲਕਿ ਭਰਤੀ ਪ੍ਰਕਿਰਿਆ ਨੂੰ ਜਾਰੀ ਰੱਖਦੇ ਹੋਏ ਬੀਤੀ 27 ਜੂਨ ਨੂੰ ਮੁਲਤਵੀ ਕੀਤਾ ਪੇਪਰ ਲਿਆ ਜਾਵੇ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਉਹ ਅੱਜ ਇੱਥੇ ਸਿੱਖਿਆ ਸਕੱਤਰ ਅਤੇ ਹੋਰ ਜ਼ਿੰਮੇਵਾਰ ਅਧਿਕਾਰੀਆਂ ਨੂੰ ਮਿਲ ਕੇ ਮੰਗ ਪੱਤਰ ਦੇਣ ਆਏ ਸੀ ਪਰ ਪੁਲੀਸ ਨੇ ਉਨ੍ਹਾਂ ਦਾ ਰਾਹ ਰੋਕ ਕੇ ਅੰਦਰ ਨਹੀਂ ਜਾਣ ਦਿੱਤਾ। ਹਾਲਾਂਕਿ ਪੁਲੀਸ ਨੇ ਉਨ੍ਹਾਂ ਦੀ ਵਫ਼ਦ ਦੀ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦਾ ਵੀ ਭਰੋਸਾ ਦਿੱਤਾ ਪਰ ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਨੂੰ ਮੀਟਿੰਗ ਬਾਰੇ ਕੋਈ ਸੁਨੇਹਾ ਨਹੀਂ ਲਗਾਇਆ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਭਰਤੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਤਾਂ ਉਹ ਵੀ ਇੱਥੇ ਪੱਕਾ ਧਰਨਾ ਲਗਾਉਣ ਲਈ ਮਜਬੂਰ ਹੋਣਗੇ।

Leave a Reply

Your email address will not be published.