ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ’ਚ ਸ਼ਾਹਬਾਜ਼ ਸ਼ਰੀਫ਼ ਨੂੰ ਜੇਲ੍ਹ ਭੇਜਿਆ

ਲਾਹੌਰ, 20 ਅਕਤੂਬਰ

ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐੱਮਐੱਲ-ਐੱਨ) ਦੇ ਮੁਖੀ ਅਤੇ ਕੌਮੀ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ਼ ਨੂੰ ਕਾਲੇ ਧਨ ਨੂੰ ਸਫ਼ੇਦ ਕਰਨ ਦੇ ਇਕ ਮਾਮਲੇ ਵਿਚ ਅੱਜ ਲਾਹੌਰ ਦੀ ਕੋਟ ਲਖਪਤ ਜੇਲ੍ਹ ਭੇਜ ਦਿੱਤਾ ਗਿਆ।  ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਸ਼ਾਹਬਾਜ਼ ਨੂੰ ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਨੇ 28 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। 700 ਕਰੋੜ ਦੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ਵਿਚ ਇਕ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਅਗਲੇ ਦਿਨ 29 ਸਤੰਬਰ ਨੂੰ ਅਦਾਲਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਾਹਬਾਜ਼ (69) ਨੂੰ ਹਿਰਾਸਤ ਵਿਚ ਭੇਜ ਦਿੱਤਾ ਸੀ। ਲਾਹੌਰ ਦੀ ਜਵਾਬਦੇਹੀ ਅਦਾਲਤ ਨੇ ਅੱਜ ਐੱਨਏਬੀ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ, ਜਿਸ ਵਿਚ ਸ਼ਾਹਬਾਜ਼ ਦਾ ਰਿਮਾਂਡ ਵਧਾਉਣ ਦੀ ਅਪੀਲ ਕੀਤੀ ਗਈ ਸੀ। ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਾਹਬਾਜ਼ ਨੇ ਨਵਾਜ਼ ਸ਼ਰੀਫ਼ ਦੇ ਜਵਾਈ ਮੁਹੰਮਦ ਸਫ਼ਦਰ ਦੀ ਗ੍ਰਿਫ਼ਤਾਰੀ ਲਈ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਦੀ ਨਿਖੇਧੀ ਕੀਤੀ। ਸ਼ਾਹਬਾਜ਼ ਨੇ ਇਮਰਾਨ ਖਾਨ ਅਤੇ ਐੱਨਏਬੀ ਵਿਚ ਮਿਲੀਭੁਗਤ ਹੋਣ ਅਤੇ ਵਿਰੋਧੀ ਧਿਰ ਦੇ ਆਗੂਆਂ ਖ਼ਿਲਾਫ਼ ਬਦਲੇ ਦੀ ਕਾਰਵਾਈ ਦੇ ਦੋਸ਼ ਲਾਏ। -ਪੀਟੀਆਈ 

 

ਨਵਾਜ਼ ਸ਼ਰੀਫ਼ ਖ਼ਿਲਾਫ਼ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਸਬੰਧੀ ਪਟੀਸ਼ਨ ਖਾਰਜ

ਇਸਲਾਮਾਬਾਦ:ਪਾਕਿਸਤਾਨ ਦੀ ਇਕ ਅਦਾਲਤ ਨੇ ਸੰਘੀ ਸਰਕਾਰ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿਚ ਸਰਕਾਰ ਨੇ ਬਰਤਾਨੀਆ ਦੇ ਦੋ ਅਖ਼ਬਾਰਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਖ਼ਿਲਾਫ਼ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਦੀ ਇਜਾਜ਼ਤ ਮੰਗੀ ਸੀ। ਵਧੀਕ ਅਟਾਰਨੀ ਜਨਰਲ ਤਾਰਿਕ ਮਹਿਮੂਦ ਖੋਖਰ ਨੇ ‘ਡਾਅਨ’ ਅਤੇ ‘ਜੰਗ’ ਅਖ਼ਬਾਰਾਂ ਵਿਚ ਸ਼ਰੀਫ਼ ਖ਼ਿਲਾਫ਼ ਪ੍ਰਕਾਸ਼ਿਤ ਇਸ਼ਤਿਹਾਰ ਸਬੰਧੀ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਦਲੀਲ ਦਿੱਤੀ ਕਿ ਕਿਉਂਕਿ ਸ਼ਰੀਫ਼ ਇੰਗਲੈਂਡ ਵਿਚ ਹੈ, ਇਸ ਲਈ ਇਸ਼ਤਿਹਾਰ ਨੂੰ ‘ਦਿ ਗਾਰਡੀਅਨ’ ਅਤੇ ‘ਡੇਲੀ ਟੈਲੀਗ੍ਰਾਫ਼’ ਵਿਚ ਪ੍ਰਕਾਸ਼ਿਤ ਕੀਤਾ ਜਾ ਸਕਦਾ ਹੈ। ‘ਡਾਅਨ’ ਅਖ਼ਬਾਰ ਅਨੁਸਾਰ ਇਸਲਾਮਾਬਾਦ ਉੱਚ ਅਦਾਲਤ ਦੇ ਜਸਟਿਸ ਫਾਰੂਕ ਅਤੇ ਜਸਟਿਸ ਮੋਹਸਿਨ ਅਖ਼ਤਰ ਕਿਆਨੀ ਦੇ ਬੈਂਚ ਨੇ ਬੀਤੇ ਦਿਨ ਮਾਮਲੇ ਦੀ ਸੁਣਵਾਈ ਕੀਤੀ ਤੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਅਦਾਲਤ ਦੇ ਰਜਿਸਟਰਾਰ ਦਫ਼ਤਰ ਨੇ ਵਿਦੇਸ਼ ਸਕੱਤਰ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਬਰਤਾਨੀਆ ਵਿਚ ਪਾਕਿਸਤਾਨ ਹਾਈ ਕਮਿਸ਼ਨ ਰਾਹੀਂ ਸ਼ਰੀਫ਼ ਦੀ ਰਿਹਾਇਸ਼ ਨੇੜੇ ਇਸ਼ਤਿਹਾਰ ਲਗਾਉਣ ਦਾ ਹੁਕਮ ਦਿੱਤਾ।

Leave a Reply

Your email address will not be published. Required fields are marked *