ਕਮਲਾ ਹੈਰਿਸ ਨੇ ਵੀਅਤਨਾਮ ’ਚ ਮਨੁੱਖੀ ਹੱਕਾਂ ਤੇ ਸਿਆਸੀ ਬੰਦੀਆਂ ਦੇ ਮੁੱਦੇ ਚੁੱਕੇ

ਹੈਨੋਈ 

ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਉਨ੍ਹਾਂ ਵੀਅਤਨਾਮ ਦੇ ਆਗੂਆਂ ਨਾਲ ਗੱਲਬਾਤ ਕਰ ਕੇ ਉੱਥੇ ਮਨੁੱਖੀ ਹੱਕਾਂ ਦੇ ਘਾਣ ਤੇ ਸਿਆਸੀ ਕਾਰਕੁਨਾਂ ਉਤੇ ਲਾਈਆਂ ਪਾਬੰਦੀਆਂ ਦੇ ਮੁੱਦੇ ਚੁੱਕੇ ਹਨ। ਹਾਲਾਂਕਿ ਇਸ ਗੱਲਬਾਤ ਦਾ ਕੋਈ ਸਾਰਥਕ ਸਿੱਟਾ ਨਿਕਲਣ ਬਾਰੇ ਉਨ੍ਹਾਂ ਕੁਝ ਨਹੀਂ ਕਿਹਾ। ਹੈਨੋਈ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਹੈਰਿਸ ਨੇ ਕਿਹਾ ‘ਅਸੀਂ ਮੁਸ਼ਕਲ ਸੰਵਾਦ ਤੋਂ ਪਿੱਛੇ ਨਹੀਂ ਹਟਾਂਗੇ। ਮੁਸ਼ਕਲ ਗੱਲਬਾਤ ਅਕਸਰ ਉਨ੍ਹਾਂ ਨਾਲ ਹੀ ਕੀਤੀ ਜਾ ਸਕਦੀ ਹੈ ਜਿਨ੍ਹਾਂ ਨਾਲ ਤੁਹਾਡੀ ਕੋਈ ਸਾਂਝ ਰਹੀ ਹੋਵੇ।’ ਹੈਰਿਸ ਨੇ ਕਿਹਾ ਕਿ ਉਨ੍ਹਾਂ ਖਾਸ ਤੌਰ ਉਤੇ ਰਾਜਨੀਤਕ ਤੌਰ ’ਤੇ ਅਸਹਿਮਤੀ ਰੱਖਣ ਵਾਲਿਆਂ ਨੂੰ ਰਿਹਾਅ ਕਰਨ ਬਾਰੇ ਵੀਅਤਨਾਮ ਦੇ ਆਗੂਆਂ ਨਾਲ ਗੱਲਬਾਤ ਕੀਤੀ ਹੈ। ਵਿਚਾਰਾਂ ਦੇ ਪ੍ਰਗਟਾਵੇ ਤੇ ਪ੍ਰੈੱਸ ਉਤੇ ਪਾਬੰਦੀਆਂ ਲਾਉਣ ਦੇ ਮਾਮਲੇ ਵਿਚ ਵੀਅਤਨਾਮ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਆਸੀ ਪੱਧਰ ਉਤੇ ਵੀ ਬਾਗ਼ੀ ਵਿਚਾਰਧਾਰਾ ਰੱਖਣ ਵਾਲਿਆਂ ’ਤੇ ਪਾਬੰਦੀਆਂ ਲਾਈਆਂ ਗਈਆਂ ਹਨ। ਹੈਰਿਸ ਨੇ ਉਸ ਵੇਲੇ ਕੋਈ ਜਵਾਬ ਨਹੀਂ ਦਿੱਤਾ ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਮਰੀਕਾ ਇਸੇ ਪੱਖ ਤੋਂ ਚੀਨ ਦੀ ਵੀ ਆਲੋਚਨਾ ਕਰਦਾ ਹੈ, ਪਰ ਵੀਅਤਨਾਮ ਨਾਲ ਮਜ਼ਬੂਤ ਰਿਸ਼ਤਿਆਂ ਦਾ ਚਾਹਵਾਨ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਹਫ਼ਤੇ ਲਈ ਦੱਖਣ-ਪੂਰਬੀ ਏਸ਼ੀਆ ਦੇ ਦੌਰੇ ਉਤੇ ਸਨ।

Leave a Reply

Your email address will not be published.