ਕੰਜ਼ਰਵੇਟਿਵਾਂ ਵੱਲੋਂ ਕੈਨੇਡੀਅਨਾਂ ਨੂੰ ਚੋਣਾਂ ਵਿੱਚ ਧੱਕਿਆ ਜਾ ਰਿਹਾ ਹੈ : ਟਰੂਡੋ

ਓਟਵਾ, 20 ਅਕਤੂਬਰ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਕੈਨੇਡੀਅਨਾਂ ਨੂੰ ਚੋਣਾਂ ਵਿੱਚ ਧੱਕਿਆ ਜਾ ਰਿਹਾ ਹੈ|
ਲਿਬਰਲਾਂ ਦਾ ਕਹਿਣਾ ਹੈ ਕਿ ਅੱਜ ਕੰਜ਼ਰਵੇਟਿਵਾਂ ਵੱਲੋਂ ਲਿਆਂਦੇ ਜਿਸ ਮਤੇ ਉੱਤੇ ਬਹਿਸ ਹੋਵੇਗੀ ਉਹ ਭਰੋਸੇ ਦਾ ਮੁੱਦਾ ਹੀ ਹੈ| ਉਨ੍ਹਾਂ ਚੇਤਾਵਨੀ ਦਿੱਤੀ ਕਿ ਸਪੈਸ਼ਲ ਕੋਵਿਡ-19 ਸਪੈਂਡਿੰਗ ਕਮੇਟੀ ਕਾਇਮ ਕਰਨ ਦੇ ਮਤੇ ਨਾਲ ਫੈਡਰਲ ਚੋਣਾਂ ਦਾ ਮੁੱਢ ਬੰਨ੍ਹ ਸਕਦਾ ਹੈ| ਟਰੂਡੋ ਨੇ ਆਖਿਆ ਕਿ ਕੰਜ਼ਰਵੇਟਿਵ ਕੋਵਿਡ-19 ਰਲੀਫ ਪ੍ਰੋਗਰਾਮਜ਼ ਲਈ ਜਾਰੀ ਕੀਤੇ ਪਬਲਿਕ ਫੰਡਾਂ ਦੀ ਦੁਰਵਰਤੋਂ ਦੇ ਦੋਸ਼ਾਂ ਦੀ ਜਾਂਚ ਕਰਵਾਉਣ ਲਈ ਸਪੈਸ਼ਲ ਕਮੇਟੀ ਕਾਇਮ ਕਰਨ ਵਾਸਤੇ ਦਬਾਅ ਪਾ ਰਹੇ ਹਨ|
ਇਸ ਵਿੱਚ ਵੁਈ ਚੈਰਿਟੀ ਨੂੰ ਇੱਕ ਵਾਰੀ ਦੇ ਕੇ ਵਾਪਿਸ ਲਏ ਗਏ ਫੰਡਾਂ ਦੀ ਜਾਂਚ ਕਰਵਾਉਣ ਦੀ ਵੀ ਗੱਲ ਆਖੀ ਜਾ ਰਹੀ ਹੈ| ਟਰੂਡੋ ਨੇ ਆਖਿਆ ਕਿ ਇਹ ਸਪਸ਼ਟ ਤੌਰ ਉੱਤੇ ਭਰੋਸੇ ਦਾ ਮਾਮਲਾ ਹੈ ਕਿਉਂਕਿ ਕੰਜ਼ਰਵੇਟਿਵ ਇਸ ਕਮੇਟੀ ਨੂੰ ਭ੍ਰਿਸ਼ਟਾਚਾਰ ਵਿਰੋਧੀ ਪੈਨਲ ਆਖ ਰਹੇ ਹਨ| ਕੰਜ਼ਰਵੇਟਿਵ ਆਗੂ ਐਰਿਨ ਓਟੂਲ ਵੱਲੋਂ ਪ੍ਰਧਾਨ ਮੰਤਰੀ ਉੱਤੇ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਉਹ ਵੁਈ ਚੈਰਿਟੀ ਬਾਰੇ ਸਵਾਲਾਂ ਦੇ ਜਵਾਬ ਦੇਣ ਤੋਂ ਟਲ ਰਹੇ ਹਨ ਤੇ ਇਸ ਨਾਲ ਚੋਣਾਂ ਲਈ ਰਾਹ ਪੱਧਰਾ ਹੋ ਸਕਦਾ ਹੈ|
ਕੰਜ਼ਰਵੇਟਿਵ ਐਮਪੀ ਮਾਰਕ ਸਟ੍ਰਾਹਲ ਦਾ ਕਹਿਣਾ ਹੈ ਕਿ ਲਿਬਰਲ ਸਿਹਤ, ਵਿੱਤ ਤੇ ਐਥਿਕਸ ਕਮੇਟੀਆਂ ਨੂੰ ਬੰਦ ਕਰ ਰਹੇ ਹਨ ਤੇ ਅਜੇ ਵੀ ਉਨ੍ਹਾਂ ਦੀ ਹਿੰਮਤ ਹੈ ਕਿ ਉਹ ਕੰਜ਼ਰਵੇਟਿਵਾਂ ਨੂੰ ਹੀ ਦੋਸ਼ ਦੇ ਰਹੇ ਹਨ| ਉਨ੍ਹਾਂ ਆਖਿਆ ਕਿ ਕੰਜ਼ਰਵੇਟਿਵਾਂ ਨੂੰ ਇਸ ਤਰ੍ਹਾਂ ਧਮਕਾਇਆ ਜਾਂ ਡਰਾਇਆ ਨਹੀਂ ਜਾ ਸਕਦਾ| ਦੂਜੇ ਪਾਸੇ ਐਨਡੀਪੀ ਆਗੂ ਜਗਮੀਤ ਸਿੰਘ ਇਸ ਨੂੰ ਘੱਟ ਅਹਿਮ ਮਾਮਲਾ ਮੰਨਦੇ ਹਨ ਤੇ ਉਨ੍ਹਾਂ ਇਹ ਨਹੀਂ ਦੱਸਿਆ ਕਿ ਉਹ ਜਾਂ ਉਨ੍ਹਾਂ ਦੀ ਪਾਰਟੀ ਇਸ ਮਾਮਲੇ ਵਿੱਚ ਕਿਸ ਤਰ੍ਹਾਂ ਵੋਟ ਕਰਨ ਬਾਰੇ ਸੋਚ ਰਹੀ ਹੈ|
ਐਮਪੀਜ਼ ਵੱਲੋਂ ਬੁੱਧਵਾਰ ਨੂੰ ਇਸ ਮਤੇ ਉੱਤੇ ਵੋਟ ਪਾਈ ਜਾਵੇਗੀ|

Leave a Reply

Your email address will not be published. Required fields are marked *