ਜੱਲ੍ਹਿਆਂਵਾਲਾ ਬਾਗ਼ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਸ੍ਰੋਤ: ਮੋਦੀ

ਅੰਮ੍ਰਿਤਸਰ

ਕਿਸਾਨਾਂ ਅਤੇ ਨੌਜਵਾਨ ਜਥੇਬੰਦੀਆ ਦੇ ਵਿਰੋਧ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੁੰਦਰੀਕਰਨ ਤੋਂ ਬਾਅਦ ਇਤਿਹਾਸਕ ਜਲ੍ਹਿਆਂਵਾਲਾ ਬਾਗ ਅੱਜ ਸ਼ਾਮ ਵਰਚੁਅਲ ਤੌਰ ’ਤੇ ਲੋਕ ਅਰਪਣ ਕਰ ਦਿੱਤਾ ਗਿਆ।

ਪ੍ਰਧਾਨ ਮੰਤਰੀ ਨੇ ਆਖਿਆ ਕਿ ਇਹ ਸ਼ਹੀਦੀ ਸਮਾਰਕ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਸਰੋਤ ਹੈ। ਇਸ ਦੇ ਨਵੀਨੀਕਰਨ ਤੋਂ ਬਾਅਦ ਇਹ ਹੋਰ ਵੀ ਸੁੰਦਰ ਰੂਪ ਵਿੱਚ ਲੋਕਾਂ ਦੇ ਸਾਹਮਣੇ ਹੋਵੇਗਾ। ਉਨ੍ਹਾਂ ਆਖਿਆ ਕਿ ਇਸ ਘਟਨਾ ਤੋਂ ਪ੍ਰੇਰਿਤ ਹੋ ਕੇ ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ ਤੇ ਹੋਰ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਹੋਏ ਸਨ। ਇਹ ਦੇਸ਼ ਦੀ ਆਜ਼ਾਦੀ ਦੀ ਕਦੇ ਨਾ ਭੁੱਲਣ ਵਾਲੀ ਘਟਨਾ ਹੈ, ਜਿਸ ਦੇ ਸਿੱਟੇ ਵਜੋਂ ਦੇਸ਼ ਨੂੰ ਆਜ਼ਾਦੀ ਮਿਲੀ ਅਤੇ ਅੱਜ ਦੇਸ਼ ਵਾਸੀ ਆਜ਼ਾਦੀ ਦਾ 75ਵਾਂ ਵਰ੍ਹਾ ਮਨਾ ਰਹੇ ਹਨ। ਮੋਦੀ ਨੇ ਦੇਸ਼ ਵੰਡ ਦਾ ਜ਼ਿਕਰ ਕਰਦਿਆਂ ਆਖਿਆ ਕਿ ਇਸ ਘਟਨਾ ਵਿੱਚ ਦੇਸ਼ ਨੂੰ ਵੱਡਾ ਨੁਕਸਾਨ ਹੋਇਆ ਸੀ ਅਤੇ ਇਸ ਘਟਨਾ ਨੂੰ ਹੁਣ ਹਰ ਵਰ੍ਹੇ 14 ਅਗਸਤ ਨੂੰ ਦੇਸ਼ ਵੰਡ ਦੁਖਾਂਤ ਦਿਹਾੜੇ ਵਜੋਂ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ਗੁਰੂ ਗੋਬਿੰਦ ਸਿੰਘ ਵੱਲੋਂ ਖਾਲਸਾ ਪੰਥ ਦੀ ਸਾਜਨਾ ਵਾਲੇ ਦਿਨ ਨੂੰ ਵੀ ਯਾਦ ਕੀਤਾ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿੱਚ ਆਜ਼ਾਦੀ ਸੰਗਰਾਮ ਨਾਲ ਜੁੜੀਆਂ ਯਾਦਗਾਰਾਂ ਨੂੰ ਸੰਭਾਲਿਆ ਜਾ ਰਿਹਾ ਹੈ ਅਤੇ ਇਨ੍ਹਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਮੌਜੂਦਾ ਸਮੇਂ ’ਚ ਦੇਸ਼ ਨੂੰ ਆਤਮ ਨਿਰਭਰ ਬਣਾਉਣਾ ਜ਼ਰੂਰੀ ਹੈ।

ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਗੁਰੂਆਂ ਦੇ ਪ੍ਰਕਾਸ਼ ਪੁਰਬ ਦੀਆਂ ਮਨਾਈਆਂ ਸ਼ਤਾਬਦੀਆਂ ਦਾ ਵੀ ਜ਼ਿਕਰ ਕੀਤਾ ਅਤੇ ਆਖਿਆ ਕਿ ਉਨ੍ਹਾਂ ਤੋਂ ਮਿਲੀ ਸਿੱਖਿਆ ’ਤੇ ਚੱਲਦਿਆਂ ਹੀ ਪੰਜਾਬੀਆਂ ਨੇ ਦੇਸ਼ ਦੀ ਰੱਖਿਆ ਲਈ ਹਰ ਖਤਰੇ ਦਾ ਦ੍ਰਿੜ੍ਹਤਾ ਨਾਲ ਸਾਹਮਣਾ ਕੀਤਾ। ਇਤਿਹਾਸਕ ਸ਼ਹੀਦੀ ਖੂਹ ਦੇ ਆਲੇ-ਦੁਆਲੇ ਪਹਿਲਾਂ ਲੱਗੀ ਜਾਲੀ ਹਟਾ ਕੇ ਉਸ ਦੀ ਥਾਂ ’ਤੇ ਸ਼ੀਸ਼ਾ ਲਗਾ ਦਿੱਤਾ ਗਿਆ ਹੈ। ਜਿਸ ਭੀੜੀ ਗਲੀ ਰਾਹੀਂ ਜਨਰਲ ਡਾਇਰ ਅਤੇ ਉਸ ਦੇ ਸੈਨਿਕ ਅੰਦਰ ਆਏ ਸਨ, ਉਸ ਦਾ ਸੁੰਦਰੀਕਰਨ ਕੀਤਾ ਗਿਆ ਹੈ। ਇਸ ਰਸਤੇ ਦੀਆਂ ਦੋਵਾਂ ਕੰਧਾਂ ’ਤੇ ਲੋਕਾਂ ਦੀਆਂ ਉੱਭਰੀਆਂ ਹੋਈਆਂ ਤਸਵੀਰਾਂ ਬਣਾਈਆਂ ਗਈਆਂ ਹਨ। ਮੁੱਖ ਸਮਾਰਕ ਦੇ ਤਲਾਬ ਵਿੱਚ ਕਮਲ ਦੇ ਫੁੱਲ ਲਾਏ ਗਏ ਹਨ ਤੇ ਇਕ ਓਪਨ ਏਅਰ ਥੀਏਟਰ ਵੀ ਬਣਾਇਆ ਗਿਆ ਹੈ। ਇੱਥੇ ਚਾਰ ਗੈਲਰੀਆਂ ਬਣਾਈਆਂ ਗਈਆਂ ਹਨ ਅਤੇ ਲਾਈਟ ਐਂਡ ਸਾਊਂਡ ਸ਼ੋਅ ਮੁੜ ਸ਼ੁਰੂ ਕੀਤਾ ਗਿਆ ਹੈ। ਬੀਐੱਸਐੱਫ ਦੇ ਜਵਾਨਾਂ ਵੱਲੋਂ ਹਥਿਆਰ ਉਲਟੇ ਕਰਕੇ ਅਤੇ ਦੋ ਮਿੰਟ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਪਹਿਲਾਂ ਰਾਗੀ ਜਥਿਆਂ ਨੇ ਸ਼ਬਦ ਗਾਇਨ ਕੀਤਾ।

Leave a Reply

Your email address will not be published. Required fields are marked *