ਵਜੀਫਾ ਘੁਟਾਲੇ ‘ਚ ਘਿਰੇ ਧਰਮਸੋਤ ਦੇ ਬੁਰੇ ਦਿਨ! ਹੁਣ ਇਸ ਮੁੱਦੇ ‘ਤੇ ਜਾਂਚ ਦੀ ਮੰਗ ਕਰ ਰਹੀ ‘ਆਪ’

ਚੰਡੀਗੜ: ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਬੁਰੇ ਤਰੀਕੇ ਨਾਲ ਫਸਦੇ ਨਜ਼ਰ ਆ ਰਹੇ ਹਨ। ਵਜੀਫਾ ਘੁਟਾਲੇ ਦਾ ਮਾਮਲਾ ਅਜੇ ਠੰਢਾ ਵੀ ਨਹੀਂ ਪਿਆ ਸੀ ਕਿ ਹੁਣ ਵਣ ਨਿਗਮ ‘ਚ ਹੋਈਆਂ ਗੜਬੜੀਆਂ-ਬੇਨਿਯਮੀਆਂ ਨੂੰ ਲੈ ਕੇ ਧਰਮਸੋਤ ਘਿਰਦੇ ਦਿੱਖ ਰਹੇ ਹਨ। ਆਮ ਆਦਮੀ ਪਾਰਟੀ (ਆਮ) ਪੰਜਾਬ ਨੇ ਵਜੀਫ਼ਾ ਘੁਟਾਲੇ ਤੋਂ ਬਾਅਦ ਹੁਣ ਵਣ ਨਿਗਮ ਦੇ ਤਰੱਕੀ (ਪ੍ਰਮੋਸ਼ਨ) ਘੁਟਾਲੇ ‘ਚ ਘਿਰੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਮੰਤਰੀ ਮੰਡਲ ‘ਚੋਂ ਕੱਢਣ ਦੇ ਨਾਲ-ਨਾਲ ਵਣ ਨਿਗਮ ‘ਚ ਹੋਈਆਂ ਗੜਬੜੀਆਂ-ਬੇਨਿਯਮੀਆਂ ਦੀ ਸਮਾਂਬੱਧ ਜੁਡੀਸ਼ੀਅਲ ਜਾਂਚ ਮੰਗੀ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਪ੍ਰੋ. ਬਲਜਿੰਦਰ ਕੌਰ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਅਜਿਹੀ ਕਿਹੜੀ ਮਜਬੂਰੀ ਜਾਂ ਬੇਵੱਸੀ ਹੈ ਕਿ ਸੱਤਾਧਾਰੀ ਕਾਂਗਰਸ ਮੰਤਰੀ ਖਿਲਾਫ਼ ਕਾਰਵਾਈ ਤੋਂ ਭੱਜ ਰਹੀ ਹੈ? ਪੰਜਾਬ ਦੀ ਜਨਤਾ ਇਸ ਦਾ ਮੁੱਖ ਮੰਤਰੀ ਤੇ ਸਮੁੱਚੀ ਕਾਂਗਰਸ ਕੋਲੋਂ ਜਵਾਬ ਮੰਗ ਰਹੀ ਹੈ।

ਕੁਲਤਾਰ ਸਿੰਘ ਸੰਯਧਵਾਂ ਨੇ ਕਿਹਾ ਕਿ ਪੰਜਾਬ ਵਣ ਨਿਗਮ ‘ਚ ਜਿਸ ਢੰਗ ਤਰੀਕੇ ਤੇ ਫੁਰਤੀ ਨਾਲ ਛੜੱਪਾਮਾਰ ਤਰੱਕੀਆਂ ਕੀਤੀਆਂ ਗਈਆਂ ਹਨ, ਉਸ ‘ਚੋ ਭ੍ਰਿਸ਼ਟਾਚਾਰ ਦੀ ਬੂ ਆ ਰਹੀ ਹੈ। ਸੰਧਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰੀ ਵਿਭਾਗਾਂ ‘ਚ ਸਮੇਂ ਸਿਰ ਮੈਰਿਟ ‘ਤੇ ਪਾਰਦਰਸ਼ੀ ਤਰੱਕੀਆਂ ਦੀ ਹਮੇਸ਼ਾ ਵਕਾਲਤ ਕਰਦੀ ਹੈ, ਪਰ ਵਣ ਨਿਗਮ ‘ਚ ਜਿਸ ਤਰਾਂ ਫੀਲਡ ਸੁਪਰੀਡੈਂਟਾਂ ਨੂੰ ਡਿਪਟੀ ਪ੍ਰੋਜੇਕਟ ਡਾਇਰੈਕਟਰ ਦੀ ਥਾਂ ਸਿੱਧਾ ਪ੍ਰੋਜੈਕਟ ਡਾਇਰੈਕਟਰ ਬਣਾਉਣ ਤੇ ਭਵਿੱਖ ‘ਚ ਹੋਣ ਵਾਲੀਆ ਤਰੱਕੀਆਂ ਦੇ ਵੀ ਹੁਕਮ ਜਾਰੀ ਕਰਨ ਨਾਲ ਪੂਰੀ ਤਰੱਕੀ ਪ੍ਰਕਿਰਿਆਂ ਸ਼ੱਕ ਦੇ ਘੇਰੇ ‘ਚ ਆ ਗਈ ਹੈ। ਇਸ ਲਈ ਇਸ ਦੀ ਨਿਰਪੱਖ ਜੁਡੀਸ਼ੀਅਲ ਜਾਂਚ ਜ਼ਰੂਰੀ ਹੈ।

ਪ੍ਰੋ. ਬਲਜਿੰਦਰ ਕਰੌ ਨੇ ਕਿਹਾ ਕਿ ਜਿੰਨਾ ਚਿਰ ਧਰਮਸੋਤ ਨੂੰ ਮੰਤਰੀ ਮੰਡਲ ‘ਚੋ ਬਰਖਾਸਤ ਨਹੀਂ ਕੀਤਾ ਜਾਂਦਾ ਉਨਾਂ ਚਿਰ ‘ਚ ਨਾ ਵਜੀਫ਼ਾ ਘੁਟਾਲਾ ਅਤੇ ਨਾ ਹੀ ਇਸ ਤਰੱਕੀ ਘੁਟਾਲੇ ਦੀ ਨਿਰਪੱਖ ਜਾਂਚ ਨਹੀਂ ਹੋ ਸਕਦੀ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਾਂਗਰਸ ਤੇ ਮੁੱਖ ਮੰਤਰੀ ਧਰਮਸੋਤ ਵਰਗੇ ਭ੍ਰਿਸ਼ਟ ਮੰਤਰੀ ਨੂੰ ਜ਼ਿਆਦਾ ਸਮਾਂ ਨਹੀਂ ਬਚਾ ਸਕਦੇ। ਸਰਕਾਰ ਨੂੰ ਤਾਨਾਸ਼ਾਹੀ ਰਵੱਈਆ ਛੱਡ-‘ਆਪ’ ਵੱਲੋਂ ਵਿੱਢੇ ਸੰਘਰਸ਼ ਮੂਹਰੇ ਗੋਡੇ ਟੇਕਣੇ ਹੀ ਪੈਣਗੇ।

Leave a Reply

Your email address will not be published. Required fields are marked *