ਬਗ਼ਾਵਤੀ ਸੁਰਾਂ: ਰਾਵਤ ਵੱਲੋਂ ਸੋਨੀਆ ਤੋਂ ਬਾਅਦ ਰਾਹੁਲ ਨਾਲ ਮੁਲਾਕਾਤ

ਨਵੀਂ ਦਿੱਲੀ, 28 ਅਗਸਤ

ਪੰਜਾਬ ਕਾਂਗਰਸ ’ਚ ਚੱਲ ਰਹੀ ਖਿੱਚੋਤਾਣ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਉੱਠੀਆਂ ਬਗ਼ਾਵਤੀ ਸੁਰਾਂ ਦਰਮਿਆਨ ਕੁਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਨਵਜੋਤ ਸਿੱਧੂ ਵੱਲੋਂ ਦਿੱਤੇ ਗਏ ਬਿਆਨ ਮਗਰੋਂ ਪਾਰਟੀ ਅੰਦਰ ਪੈਦਾ ਹੋਏ ਹਾਲਾਤ ਦੀ ਜਾਣਕਾਰੀ ਦਿੱਤੀ। ਸ੍ਰੀ ਰਾਵਤ ਨੇ ਕਿਹਾ ਕਿ ਉਹ ਇਕ-ਦੋ ਦਿਨਾਂ ’ਚ ਪੰਜਾਬ ਦਾ ਦੌਰਾ ਕਰਕੇ ਹਾਈਕਮਾਨ ਦੇ ਫ਼ੈਸਲੇ ਨੂੰ ਦੱਸਣਗੇ ਅਤੇ ਇਹ ਸਾਰੇ ਆਗੂਆਂ ਨੂੰ ਮੰਨਣਾ ਪਵੇਗਾ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨਾਲ ਵੀ ਮੁਲਾਕਾਤ ਕਰਨਗੇ। ਉਨ੍ਹਾਂ ਕੱਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਮੁੱਖ ਮੰਤਰੀ ਖ਼ਿਲਾਫ਼ ਉੱਠੀਆਂ ਬਗ਼ਾਵਤੀ ਸੁਰਾਂ ਬਾਰੇ ਜਾਣਕਾਰੀ ਦਿੱਤੀ ਸੀ। ਸਿੱਧੂ ਧੜੇ ਦੇ ਕੁਝ ਵਿਧਾਇਕਾਂ ਨੇ ਵੀ ਸੋਨੀਆ ਗਾਂਧੀ ਨੂੰ ਮਿਲਣ ਦਾ ਸਮਾਂ ਮੰਗਿਆ ਸੀ ਪਰ ਉਹ ਖਾਲੀ ਹੱਥ ਪਰਤ ਆਏ ਸਨ। ਰਾਹੁਲ ਨਾਲ ਮੁਲਾਕਾਤ ਮਗਰੋਂ ਰਾਵਤ ਨੇ ਕਿਹਾ,‘‘ਮੈਂ ਉਨ੍ਹਾਂ (ਰਾਹੁਲ) ਨੂੰ ਪੰਜਾਬ ’ਚ ਸਿਆਸੀ ਹਾਲਾਤ ਦੀ ਜਾਣਕਾਰੀ ਦਿੱਤੀ ਹੈ ਅਤੇ ਛੇਤੀ ਹੀ ਮੈਂ ਸੂਬੇ ਦਾ ਦੌਰਾ ਕਰਾਂਗਾ।’’ ਕੈਪਟਨ ਅਤੇ ਸਿੱਧੂ ਧੜੇ ਦੇ ਆਗੂ ਸ਼ਬਦੀ ਜੰਗ ’ਚ ਉਲਝੇ ਹੋਏ ਹਨ। ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਲਈ ਸਿੱਧੂ ਧੜੇ ਨਾਲ ਜੁੜੇ ਕੁਝ ਮੰਤਰੀਆਂ ਅਤੇ ਵਿਧਾਇਕਾਂ ਨੇ ਦੇਹਰਾਦੂਨ ’ਚ ਰਾਵਤ ਨਾਲ ਮੁਲਾਕਾਤ ਕੀਤੀ ਸੀ ਜਿਥੇ ਰਾਵਤ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਕੈਪਟਨ ਦੀ ਅਗਵਾਈ ਹੇਠ ਹੀ ਲੜੀਆਂ ਜਾਣਗੀਆਂ।

ਅੰਮ੍ਰਿਤਸਰ ’ਚ ਸਿੱਧੂ ਨੇ ਸਨਅਤਕਾਰਾਂ ਅਤੇ ਵਪਾਰੀਆਂ ਨਾਲ ਮੀਟਿੰਗ ਦੌਰਾਨ ਕਿਹਾ ਸੀ ਕਿ ਉਨ੍ਹਾਂ ਨੂੰ ਫ਼ੈਸਲੇ ਲੈਣ ਦੀ ਖੁੱਲ੍ਹ ਦਿੱਤੀ ਜਾਵੇ, ਨਹੀਂ ਤਾਂ ਉਹ ਇੱਟ ਨਾਲ ਇੱਟ ਖੜਕਾ ਦੇਣਗੇ। ਸਿੱਧੂ ਦੇ ਸਲਾਹਕਾਰਾਂ ’ਚੋਂ ਇਕ ਮਾਲਵਿੰਦਰ ਸਿੰਘ ਮਾਲੀ ਵੱਲੋਂ ਕੁਝ ਵਿਵਾਦਤ ਬਿਆਨ ਦਿੱਤੇ ਜਾਣ ਮਗਰੋਂ ਕੈਪਟਨ ਧੜੇ ਦੇ ਆਗੂਆਂ ਨੇ ਉਨ੍ਹਾਂ ਨੂੰ ਘੇਰ ਲਿਆ ਸੀ। ਇਸ ਮਗਰੋਂ ਮਾਲੀ ਨੇ ਸ਼ੁੱਕਰਵਾਰ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਧਰ ਕੈਪਟਨ ਅਮਰਿੰਦਰ ਸਿੰਘ ਧੜੇ ਦੇ ਆਗੂਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਮਾਲੀ ਵੱਲੋਂ ਦਿੱਤੇ ਗਏ ਬਿਆਨਾਂ ਲਈ ਸਿੱਧੂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ।

Leave a Reply

Your email address will not be published.