ਚੀਨ-ਅਮਰੀਕਾ ਵਿਚਾਲੇ ਫ਼ੌਜ ਪੱਧਰ ਦੀ ਪਹਿਲੀ ਗੱਲਬਾਤ ਹੋਈ

ਬੀਜਿੰਗ:ਚੀਨ ਤੇ ਅਮਰੀਕਾ ਵਿਚਾਲੇ ਫੌਜ ਪੱਧਰ ਦੇ ਪਹਿਲੇ ਗੇੜ ਦੀ ਗੱਲਬਾਤ ਹੋਈ ਜਿਸ ਵਿੱਚ ਦੋਵਾਂ ਮੁਲਕਾਂ ਨੇ ਅਫ਼ਗਾਨਿਸਤਾਨ ਦੇ ਤਾਜ਼ਾ ਹਾਲਾਤ ’ਤੇ ਚਰਚਾ ਕੀਤੀ। ਇਸ ਸਾਲ ਜਨਵਰੀ ਵਿੱਚ ਰਾਸ਼ਟਰਪਤੀ ਜੋਅ ਬਾਇਡਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਪਹਿਲੀ ਵਾਰਤਾ ਹੈ। ਅੱਜ ਜਾਰੀ ਹੋਈ ਮੀਡੀਆ ਰਿਪੋਰਟ ਮੁਤਾਬਕ ਪਿਛਲੇ ਹਫ਼ਤੇ ਪੀਪਲਜ਼ ਲਿਬਰੇਸ਼ਨ ਆਰਮੀ ਦਫ਼ਤਰ (ਕੌਮਾਂਤਰੀ ਫੌਜ ਤਾਲਮੇਲ) ਦੇ ਡਿਪਟੀ ਡਾਇਰੈਕਟਰ ਮੇਜਰ ਜਨਰਲ ਹੁਆਂਗ ਸ਼ਿਊਪਿੰਗ ਨੇ ਆਪਣੇ ਅਮਰੀਕੀ ਹਮਰੁਤਬਾ ਮਿਸ਼ੇਲ ਚੈਸ ਨਾਲ ਵੀਡੀਓ ਕਾਨਫਰੰਸ ਕੀਤੀ ਸੀ। ਹਾਂਗ ਕਾਂਗ ਨਾਲ ਸਬੰਧਤ ਸਾਊਥ ਚਾਈਨਾ ਮੋਰਨਿੰਗ ਪੋਸਟ ਅਖ਼ਬਾਰ ਦੀ ਰਿਪੋਰਟ ਮੁਤਾਬਕ ਚੀਨੀ ਫੌਜ ਦੇ ਅਧਿਕਾਰੀ ਨੇ ਕਿਹਾ,‘ਅਫ਼ਗ਼ਾਨਿਸਤਾਨ ਸੰਕਟ ਇਕ ਅਹਿਮ ਮੁੱਦਾ ਹੈ ਜਿਸ ’ਤੇ ਵਿਚਾਰ ਚਰਚਾ ਜ਼ਰੂਰੀ ਹੈ। ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਇਸ ਸਾਲ ਦੇ ਸ਼ੁਰੂ ਵਿੱਚ ਅਲਾਸਕਾ ਸੰਵਾਦ ਦੌਰਾਨ ਇਹ ਮੁੱਦਾ ਚੁੱਕਿਆ ਸੀ ਪਰ ਅਮਰੀਕੀ ਹਮਰੁਤਬਾ ਨੇ ਇਸ ਨੂੰ ਅਣਗੌਲਿਆ ਕਰ ਦਿੱਤਾ

ਸੀ। ਜ਼ਿਕਰਯੋਗ ਹੈ ਕਿ ਬਾਇਡਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਅਮਰੀਕਾ ਤੇ ਚੀਨ ਵਿਚਾਲੇ ਅਲਾਸਕਾ ਵਿੱਚ ਮਾਰਚ ’ਚ ਪਹਿਲੀ ਉਚ-ਪੱਧਰੀ ਗੱਲਬਾਤ ਹੋਈ ਸੀ। ਇਸ ਦੌਰਾਨ ਵਾਂਗ ਤੇ ਉਚ ਚੀਨੀ ਕੂਟਨੀਤਿਕ ਯਾਂਗ ਜਿਯੇਚੀ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨਾਲ ਸੰਵਾਦ ਰਚਾਇਆ ਸੀ। ਇਸ ਗੱਲਬਾਤ ਦੌਰਾਨ ਚੀਨ ਨੇ ਅਫ਼ਗਾਨਿਸਤਾਨ ਸਬੰਧੀ ਖੁਫ਼ੀਆ ਜਾਣਕਾਰੀ ਇਕ ਦੂਜੇ ਨਾਲ ਸਾਂਝੀ ਕਰਨ ਦੀ ਗੱਲ ਆਖੀ ਸੀ ਕਿਉਂਕਿ ਪੇਈਚਿੰਗ ਨੂੰ ਲੱਗਦਾ ਸੀ ਕਿ ਜੇ ਅਮਰੀਕਾ ਆਪਣੇ ਸਾਰੇ ਫੌਜੀ ਦਸਤਿਆਂ ਨੂੰ ਅਫ਼ਗਾਨਿਸਤਾਨ ਤੋਂ ਵਾਪਸ ਸੱਦ ਲੈਂਦਾ ਹੈ ਤਾਂ ਹਾਲਾਤ ਭੈੜੇ ਤੇ ਮੁਸ਼ਕਲ ਭਲੇ ਹੋ ਸਕਦੇ ਹਨ। ਰਿਪੋਰਟ ਮੁਤਾਬਕ ਚੀਨੀ ਫੌਜ ਦੇ ਅਧਿਕਾਰੀ ਨੇ ਕਿਹਾ ਕਿ ਜੇ ਅਮਰੀਕਾ ਤੇ ਚੀਨ ਅਫ਼ਗਾਨਿਸਤਾਨ ਜੋਖ਼ਮ ਬਾਰੇ ਗੱਲਬਾਤ ਸ਼ੁਰੂ ਕਰਦੇ ਤਾਂ ਦੋਵਾਂ ਮੁਲਕਾਂ ਨੂੰ ਇੰਨਾ ਨੁਕਸਾਨ ਨਹੀਂ ਝੱਲਣਾ ਪੈਣਾ ਸੀ। ਚੀਨ ਨੇ ਤਿੰਨ ਮਹੀਨੇ ਪਹਿਲਾਂ ਹੀ ਆਪਣੇ ਨਾਗਰਿਕ ਉੱਥੋਂ ਕੱਢ ਲਏ ਸਨ।

Leave a Reply

Your email address will not be published. Required fields are marked *