ਟੋਰਾਂਟੋ/ਜੀਟੀਏ ਕੋਵਿਡ-19 ਵੈਕਸੀਨ ਪਾਸਪੋਰਟ ਲਿਆਉਣ ਵਾਲੇ ਪ੍ਰੋਵਿੰਸਾਂ ਨੂੰ ਦਿੱਤੀ ਜਾਵੇਗੀ ਆਰਥਿਕ ਮਦਦ : ਟਰੂਡੋ

ਮਿਸੀਸਾਗਾ:ਲਿਬਰਲ ਆਗੂ ਜਸਟਿਨ ਟਰੂਡੋ ਨੇ ਕੰਜ਼ਰਵੇਟਿਵ ਪ੍ਰੀਮੀਅਰਜ਼ ਉੱਤੇ ਨਿਸ਼ਾਨਾ ਸਾਧਦਿਆਂ ਆਖਿਆਂ ਕਿ ਉਹ ਉਨ੍ਹਾਂ ਪ੍ਰੋਵਿੰਸਾਂ ਨੂੰ ਇੱਕ ਬਿਲੀਅਨ ਡਾਲਰ ਦੀ ਮਦਦ ਦੇਣਗੇ ਜਿਹੜੀਆਂ ਵੈਕਸੀਨ ਪਾਸਪੋਰਟ ਦਾ ਨਿਯਮ ਲਾਗੂ ਕਰਨਗੀਆਂ। ਉਨ੍ਹਾਂ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਨਾਂ ਲੈਂਦਿਆਂ ਉਨ੍ਹਾਂ ਨੂੰ ਆਖਿਆ ਕਿ ਉਹ ਇਹ ਪੇਸ਼ਕਸ਼ ਸਵੀਕਾਰ ਕਰਨ।
ਪ੍ਰੋਵਿ਼ੰਸ਼ੀਅਲ ਪੱਧਰ ਉੱਤੇ ਸਿਰਫ ਕਿਊਬਿਕ ਤੇ ਬ੍ਰਿਟਿਸ਼ ਕੋਲੰਬੀਆ ਵੱਲੋ ਹੀ ਵੈਕਸੀਨ ਪਾਸਪੋਰਟਸ ਸ਼ੁਰੂ ਕੀਤੇ ਜਾ ਰਹੇ ਹਨ।ਕਿਊਬਿਕ ਵਿੱਚ ਅਗਲੇ ਹਫਤੇ ਤੋਂ ਇਨ੍ਹਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਤੇ ਬੀ ਸੀ ਵੱਲੋਂ ਸਤੰਬਰ ਦੇ ਮੱਧ ਵਿੱਚ ਇਨ੍ਹਾਂ ਨੂੰ ਲਾਗੂ ਕੀਤਾ ਜਾਵੇਗਾ। ਮੈਨੀਟੋਬਾ ਵੀ ਵੈਕਸੀਨ ਪਾਸਪੋਰਟ ਬਾਰੇ ਜਲਦ ਹੀ ਐਲਾਨ ਕਰੇਗਾ। ਟਰੂਡੋ ਨੇ ਬੀਸੀ ਦੇ ਪ੍ਰੀਮੀਅਰ ਜੌਹਨ ਹੋਰਗਨ ਤੇ ਕਿਊਬਿਕ ਦੇ ਪ੍ਰੀਮੀਅਰ ਫਰੈਂਕੌਇਸ ਲੀਗਾਲਟ ਨੂੰ ਉਨ੍ਹਾਂ ਦੇ ਪਲੈਨਜ਼ ਲਈ ਧੰਨਵਾਦ ਕੀਤਾ।
ਟਰੂਡੋ ਨੇ ਆਖਿਆ ਕਿ ਉਹ ਆਸ ਕਰਦੇ ਹਨ ਕਿ ਪ੍ਰੀਮੀਅਰ ਫੋਰਡ ਵੀ ਜਲਦ ਹੀ ਵੈਕਸੀਨ ਪਾਸਪੋਰਟ ਲੈ ਕੇ ਆਉਣਗੇ। ਉਨ੍ਹਾਂ ਆਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਹੈਲਥ ਅਧਿਕਾਰੀਆਂ ਦੀ ਸੁਣੀ ਜਾਵੇ।ਇਸ ਦੇ ਜਵਾਬ ਵਿੱਚ ਫੋਰਡ ਦੇ ਆਫਿਸ ਨੇ ਆਖਿਆ ਕਿ ਸਰਕਾਰ ਤੇਜ਼ੀ ਨਾਲ ਫੈਲ ਰਹੇ ਡੈਲਟਾ ਵੇਰੀਐਂਟ ਤੇ ਉਸ ਦੀ ਗੰਭੀਰਤਾ ਉੱਤੇ ਬਾਰੀਕੀ ਨਾਲ ਨਜ਼ਰ ਰੱਖ ਰਹੀ ਹੈ। ਤਰਜ਼ਮਾਨ ਇਵਾਨਾ ਯੇਲਿਚ ਨੇ ਆਖਿਆ ਕਿ ਰੀਓਪਨਿੰਗ ਪਲੈਨ ਨੂੰ ਬੜੀ ਸਾਵਧਾਨੀ ਨਾਲ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ, ਵੈਕਸੀਨੇਸ਼ਨ ਪੂਰੇ ਜ਼ੋਰਾਂ ਉੱਤੇ ਹੈ, ਜਨਤਕ ਇੰਡੋਰ ਥਾਂਵਾਂ ਉੱਤੇ ਮਾਸਕ ਲਾਉਣ ਦੇ ਨਾਲ ਨਾਲ ਸੋਸ਼ਲ ਡਿਸਟੈਂਸਿੰਗ ਵੀ ਬਰਕਰਾਰ ਰੱਖਣ ਦੀਆਂ ਹਦਾਇਤਾਂ ਹਨ, ਹਾਈ ਰਿਸਕ ਇਲਾਕਿਆਂ ਵਿੱਚ ਲਾਜ਼ਮੀ ਵੈਕਸੀਨੇਸ਼ਨ ਉੱਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।

Leave a Reply

Your email address will not be published.