ਓਨਟਾਰੀਓ ਦੀਆਂ ਮਿਊਂਸਪੈਲਿਟੀਜ਼ ਲਈ ਰੈਂਕਡ ਬੈਲਟ ਇਲੈਕਸ਼ਨਜ਼ ਖ਼ਤਮ ਕਰੇਗੀ ਫੋਰਡ ਸਰਕਾਰ

ਟੋਰਾਂਟੋ, 20 ਅਕਤੂਬਰ (ਪੋਸਟ ਬਿਊਰੋ) : ਪ੍ਰੋਵਿੰਸ਼ੀਅਲ ਸਰਕਾਰ ਦਾ ਕਹਿਣਾ ਹੈ ਕਿ ਉਹ ਮਿਊਂਸਪਲ ਚੋਣਾਂ ਲਈ ਰੈਂਕਡ ਬੈਲਟ ਵੋਟਜ਼ ਦੀ ਵਰਤੋਂ ਕਰਨ ਦੀ ਜਿਹੜੀ ਸ਼ਕਤੀ ਓਨਟਾਰੀਓ ਦੀਆਂ ਮਿਊਂਸਪੈਲਿਟੀਜ਼ ਨੂੰ ਦਿੱਤੀ ਹੋਈ ਹੈ, ਉਸ ਨੂੰ ਵਾਪਿਸ ਲੈਣ ਜਾ ਰਹੀ ਹੈ|
ਮੰਗਲਵਾਰ ਦੁਪਹਿਰ ਨੂੰ ਜਾਰੀ ਕੀਤੀ ਗਈ ਇੱਕ ਪ੍ਰੈੱਸ ਰਲੀਜ਼ ਵਿੱਚ ਪ੍ਰੋਵਿੰਸ ਨੇ ਆਖਿਆ ਕਿ ਉਨ੍ਹਾਂ ਵੱਲੋਂ ਮਿਊਂਸਪਲ ਇਲੈਕਸ਼ਨਜ਼ ਐਕਟ ਵਿੱਚ ਸੋਧ ਕੀਤੀ ਜਾਵੇਗੀ ਤਾਂ ਕਿ ਫੈਡਰਲ, ਪ੍ਰੋਵਿੰਸ਼ੀਅਲ ਤੇ ਮਿਊਂਸਪਲ ਚੋਣਾਂ ਦੌਰਾਨ ਵੋਟਿੰਗ ਸਹੀ ਢੰਗ ਨਾਲ ਕਰਵਾਈ ਜਾ ਸਕੇ| ਮਿਊਂਸਪਲ ਅਫੇਅਰਜ਼ ਤੇ ਹਾਊਸਿੰਗ ਮੰਤਰੀ ਸਟੀਵ ਕਲਾਰਕ ਦੇ ਆਫਿਸ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਕਿ ਮਿਊਂਸਪੈਲਿਟੀਜ਼ ਨੂੰ ਵੱਖਰਾ ਵੋਟਿੰਗ ਸਿਸਟਮ ਵਰਤਣ ਦੀ ਖੁੱਲ੍ਹ ਦੇਣ ਦਾ ਹੁਣ ਕੋਈ ਸਹੀ ਸਮਾਂ ਨਹੀਂ ਹੈ|
ਇਸ ਬਿਆਨ ਵਿੱਚ ਆਖਿਆ ਗਿਆ ਕਿ ਮਿਊਂਸਪੈਲਿਟੀਜ਼ ਲਈ ਅਜੋਕਾ ਸਮਾਂ ਇਹ ਤਜਰਬੇ ਕਰਨ ਦਾ ਨਹੀਂ ਹੈ ਕਿ ਮਿਊਂਸਪਲ ਚੋਣਾਂ ਕਿਵੇਂ ਕਰਵਾਈਆਂ ਜਾਣ| 444 ਮਿਊਂਸਪੈਲਿਟੀਜ਼ ਵਿੱਚੋਂ 443 ਲਈ ਕੋਈ ਤਬਦੀਲੀ ਨਹੀਂ ਹੋਵੇਗੀ| ਇਸ ਪ੍ਰਸਤਾਵ ਰਾਹੀਂ ਇਹ ਯਕੀਨੀ ਬਣਾਇਆ ਜਾਵੇਗਾ ਕਿ 2022 ਵਿੱਚ ਇਨ੍ਹਾਂ ਮਿਊਂਸਪੈਲਿਟੀਜ਼ ਲਈ ਚੋਣਾਂ ਪਹਿਲਾਂ ਵਰਗੀਆਂ ਹੀ ਰਹਿਣ| ਲੰਡਨ, ਓਨਟਾਰੀਓ, ਜਿਹੜੀ 2018 ਵਿੱਚ ਰੈਂਕਡ ਬੈਲਟ ਇਲੈਕਸ਼ਨ ਕਰਵਾਉਣ ਵਾਲੀ ਓਨਟਾਰੀਓ ਦੀ ਪਹਿਲੀ ਮਿਊਂਸਪੈਲਿਟੀ ਬਣ ਗਈ ਸੀ, ਨੂੰ ਇਹ ਫੈਸਲਾ ਵਾਪਿਸ ਲੈਣਾ ਹੋਵੇਗਾ|
ਟੋਰਾਂਟੋ ਸਮੇਤ ਹੋਰ ਮਿਊਂਸਪੈਲਿਟੀਜ਼, ਜਿਹੜੀਆਂ ਇਸ ਤਰ੍ਹਾਂ ਦਾ ਬਦਲ ਅਪਨਾਉਣ ਦਾ ਅਧਿਐਨ ਕਰ ਰਹੀਆਂ ਹਨ ਉਨ੍ਹਾਂ ਨੂੰ ਕਿਸੇ ਕਿਸਮ ਦਾ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ|

Leave a Reply

Your email address will not be published. Required fields are marked *