ਵਿਧਾਇਕਾ ਰੂਬੀ ਨੇ ਬਠਿੰਡਾ ਹਲਕਾ ਛੱਡ ਭੁੱਚੋ ਵਿੱਚ ਸਰਗਰਮੀਆਂ ਵਧਾਈਆਂ

ਬਠਿੰਡਾ

ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਅੱਜ-ਕੱਲ੍ਹ ਹਲਕਾ ਭੁੱਚੋ ’ਚ ਸਰਗਰਮ ਹੋਣ ਲੱਗੇ ਹਨ। ਉਹ ਲੋਕਾਂ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਸ਼ਮੂਲੀਅਤ ਕਰ ਰਹੇ ਹਨ, ਜਿਸ ਦੀ ਹਲਕੇ ਵਿੱਚ ਖੂਬ ਚਰਚਾ ਹੈ। ਸੂਤਰ ਦੱਸਦੇ ਹਨ ਕਿ ਵਿਧਾਇਕਾ ਰੂਬੀ ਦੇ ਆਪਣੇ ਹਲਕੇ ਵਿਚ ‘ਸਭ ਅੱਛਾ ਨਾ ਹੋਣ’ ਕਾਰਨ ਬਠਿੰਡਾ ਦਿਹਾਤੀ ਤੋਂ ਚੋਣ ਲੜਨ ਤੋਂ ਕੰਨੀ ਕਤਰਾਅ ਰਹੇ ਹਨ। ਅਜਿਹੇ ਵਿਚ ਉਹ ਹਲਕਾ ਭੁੱਚੋ ਵਿਚ ਆਪਣੇ ਸਿਆਸੀ ਪੈਰ ਜਮਾਉਣਾ ਚਾਹੁੰਦੇ ਹਨ। ਵਿਧਾਇਕਾ ਰੂਬੀ ਦੇ ਭੁੱਚੋ ਵਿਚ ਸਰਗਰਮੀਆਂ ਵਧਾਉਣ ਨਾਲ ਇਥੋਂ ਟਿਕਟ ਲੜਨ ਦੇ ਚਾਹਵਾਨ ਚਿੰਤਾ ਵਿਚ ਹਨ। ਜਾਣਕਾਰੀ ਅਨੁਸਾਰ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਹਲਕਾ ਭੁੱਚੋ ਤੋਂ ਮਾਸਟਰ ਜਗਸੀਰ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਸੀ ਤੇ ਉਹ ਬਹੁਤ ਘੱਟ ਵੋਟਾਂ ਦੇ ਫਰਕ ਨਾਲ ਹਾਰੇ ਸਨ। ਪਾਰਟੀ ਨੇ ਉਨ੍ਹਾਂ ਨੂੰ ਹੁਣ ਹਲਕਾ ਇੰਚਾਰਜ ਵਜੋਂ ਨਿਯੁਕਤ ਹੋਇਆ ਹੈ, ਜੋ ਹਲਕੇ ’ਚ ਸਰਗਮੀਆਂ ਚਲਾ ਰਹੇ ਹਨ। ਇਸ ਤਰ੍ਹਾਂ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਿਵੀਆਂ ਵੀ ਇਥੋਂ ਟਿਕਟ ਦੇ ਦਾਅਵੇਦਾਰ ਮੰਨੇ ਜਾਂਦੇ ਹਨ। ਉਨ੍ਹਾਂ ਹਲਕੇ ’ਚ ਕਾਫੀ ਮਿਹਨਤ ਕੀਤੀ ਹੈ। ਇਸ ਤਰ੍ਹਾਂ ਕਾਂਗਰਸ ਛੱਡ ਕੇ ਆਏ ਜ਼ਿਲ੍ਹਾ ਪਰਿਸ਼ਦ ਬਠਿੰਡਾ ਦੇ ਵਾਈਸ ਚੇਅਰਮੈਨ ਸੁਰਿੰਦਰ ਸਿੰਘ ਬਿੱਟੂ ਨੇ ਵੀ ਭੁੱਚੋ ਹਲਕੇ ’ਚ ਸਰਗਮੀਆਂ ਤੇਜ਼ ਕੀਤੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਬਠਿੰਡਾ ਦਿਹਾਤੀ ਦੇ ਲੋਕਾਂ ਨੇ ‘ਆਪ’ ਆਗੂ ਹਰਪਾਲ ਸਿੰਘ ਚੀਮਾ ਕੋਲ ਬਠਿੰਡਾ ਪੁੱਜਣ ’ਤੇ ਆਪਣਾ ਪੱਖ ਰੱਖਦਿਆਂ ਰੁਪਿੰਦਰ ਕੌਰ ਰੂਬੀ ਦੀ ਕਾਰਗੁਜ਼ਾਰੀ ’ਤੇ ਉਂਗਲ ਚੁੱਕਦਿਆਂ ਉਸ ਦਾ ਵਿਰੋਧ ਕੀਤਾ ਸੀ। ਹਲਕੇ ਦੇ ਲੋਕਾਂ ਨੇ ਦੱਸਿਆ ਕਿ ਵਿਧਾਇਕ ਰੂਬੀ ਵੱਲੋਂ ਸਾਢੇ 4 ਸਾਲ ਹਲਕੇ ’ਚ ਆਪਣੇ ਸਮਰਥਕਾਂ ਦੀ ਬਾਤ ਨਹੀਂ ਪੁੱਛੀ ਗਈ। ਹਲਕੇ ਦੇ ਲੋਕਾਂ ਨੇ ਕਿਹਾ ਕਿ ਵਿਧਾਇਕਾ ਹੁਣ ਭੁੱਚੋ ਹਲਕੇ ਤੋਂ ਆਪਣੇ ਪਰ ਤੋਲ ਰਹੇ ਹਨ।

Leave a Reply

Your email address will not be published. Required fields are marked *