ਸਿਰਫ਼ ਭਾਜਪਾ ਦਾ ਘਿਰਾਓ ਕਰਨ ਤੇ ਬਾਕੀਆਂ ਨੂੰ ਸਵਾਲ ਪੁੱਛਣ ਲੋਕ: ਰਾਜੇਵਾਲ

ਪਟਿਆਲਾ

ਖੇਤੀ ਵਿਰੋਧੀ ਕਾਨੂੰਨਾਂ ਸਬੰਧੀ ਕੇਂਦਰ ਦੀ ਸੱਤਾ ’ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਨੂੰ ਲੰਬੇ ਹੱੱਥੀਂ ਲੈਂਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦੇਸ਼ ਦੀ ਸੱਤਾ ’ਤੇ ਕਾਬਜ਼ ਭਾਜਪਾ ਨੂੰ ਇਸ ਦਾ ਖ਼ਮਿਆਜ਼ਾ ਜ਼ਰੂਰ ਭੁਗਤਣਾ ਪਵੇਗਾ। ਉਹ ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਵਿੱਚ ਪੁੱਜਣ ’ਤੇ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕਰ ਰਹੇ ਸਨ।

ਉਨ੍ਹਾਂ ਕਿਹਾ, ‘‘ਲੋਕਾਂ ਨੂੰ ਉਜਾੜਨ ਵਿਚ ਭਾਜਪਾ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ, ਜਿਸ ਕਰ ਕੇ ਕਿਸਾਨ ਮੋਰਚੇ ਵੱਲੋਂ ਭਾਜਪਾ ਆਗੂਆਂ ਦੇ ਘਿਰਾਓ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਲੋਕ ਭਾਜਪਾ ਆਗੂਆਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ ਤੇ ਉਨ੍ਹਾਂ ਦਾ ਘਿਰਾਓ ਕਰਨ ਪਰ ਕਿਉਂਕਿ ਅਸੀਂ ਪੰਜਾਬ ਦੇ ਸਪੂਤ ਹਾਂ, ਇਸ ਕਰ ਕੇ ਮਰਿਆਦਾ ਦਾ ਪਾਲਣ ਵੀ ਜ਼ਰੂਰ ਕੀਤਾ ਜਾਵੇ। ਬਾਕੀ ਸਮੂਹ ਸਿਆਸੀ ਪਾਰਟੀਆਂ ਦੇ ਆਗੂਆਂ ਕੋਲੋਂ ਲੋਕ ਆਪਣੇ ਪੱਧਰ ’ਤੇ ਸਵਾਲ ਪੁੱਛ ਰਹੇ ਹਨ, ਇਸ ਕਰ ਕੇ ਮੋਰਚਾ ਵੀ ਇਸ ਹੱਕ ’ਚ ਹੈ ਕਿ ਭਾਜਪਾ ਤੋਂ ਇਲਾਵਾ ਬਾਕੀ ਸਿਆਸੀ ਪਾਰਟੀਆਂ ਦੇ ਆਗੂਆਂ ਕੋਲੋਂ ਖੇਤੀ ਕਾਨੂੰਨਾਂ ਸਣੇ ਵਿਕਾਸ, ਕਾਰਗੁਜ਼ਾਰੀ ਅਤੇ ਲੋਕ ਮਸਲਿਆਂ ਦੇ ਹੱਲ ਤੇ ਨਿਪਟਾਰੇ ਸਬੰਧੀ ਸਵਾਲ ਜ਼ਰੂਰ ਪੁੱਛੇ ਜਾਣ। ਸਮੁੱਚੀ ਦੁਨੀਆ ਦੀ ਨਜ਼ਰ ਸਾਡੇ ’ਤੇ ਟਿਕੀ ਹੋਈ ਹੈ। ਇਹ ਪ੍ਰਕਿਰਿਆ ਸ਼ਾਂਤਮਈ ਹੋਣੀ ਚਾਹੀਦੀ ਹੈ। ਦੋਗਲੀ ਕਿਸਮ ਦੇ ਸਿਆਸੀ ਆਗੂਆਂ ਨੂੰ ਤਾਂ ਲੋਕ ਸਵਾਲਾਂ ਰਾਹੀਂ ਹੀ ਸ਼ਰਮਸਾਰ ਕਰ ਸਕਦੇ ਹਨ।’’ ਸ੍ਰੀ ਰਾਜੇਵਾਲ ਨੇ ਸੂਬੇ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ’ਤੇ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਦਾ ਤਰਕ ਸੀ ਕਿ ਆਮ ਤੌਰ ’ਤੇ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਹੀ ਚੋਣ ਸਰਗਰਮੀਆਂ ਸ਼ੁਰੂ ਹੁੰਦੀਆਂ ਹਨ ਪਰ ਐਤਕੀਂ ਸੋਚੀ-ਸਮਝੀ ਸਾਜ਼ਿਸ਼ ਤਹਿਤ ਸਾਰੀਆਂ ਧਿਰਾਂ ਨੇ ਅਗਾਊਂ ਹੀ ਚੋਣ ਪ੍ਰੋਗਰਾਮ ਆਰੰਭ ਦਿੱਤੇ ਹਨ। ਉਨ੍ਹਾਂ ਅਜਿਹੀ ਕਾਰਵਾਈ ਨੂੰ ਕਿਸਾਨ ਮੋਰਚੇ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਦੇ ਤੁਲ ਦੱਸਿਆ। ਉਨ੍ਹਾਂ ਸਪੱਸ਼ਟ ਤੌਰ ’ਤੇ ਆਖਿਆ ਕਿ ਅਗਾਊਂ ਚੋਣ ਸਰਗਰਮੀਆਂ ਆਰੰਭਣ ਵਾਲੀਆਂ ਸਿਆਸੀ ਧਿਰਾਂ ਮੋਰਚੇ ਨੂੰ ਸਫ਼ਲ ਹੁੰਦਾ ਨਹੀਂ ਦੇਖ ਸਕਦੀਆਂ। ਕਿਸਾਨ ਮੋਰਚੇ ਦੇ ਚੋਣ ਮੈਦਾਨ ਵਿਚ ਕੁੱਦਣ ਸਬੰਧੀ ਸਵਾਲ ਦੇ ਜਵਾਬ ਵਿਚ ਕਿਸਾਨ ਆਗੂ ਨੇ ਕਿਹਾ ਕਿ ਮੋਰਚੇ ਦੀ ਪਹਿਲੀ ਤਰਜੀਹ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਦੀ ਹੈ, ਬਾਕੀ ਸਾਰੇ ਮਸਲੇ ਉਸ ਤੋਂ ਬਾਅਦ ਵਿਚਾਰੇ ਜਾਣਗੇ। ਇਸ ਮੌਕੇ ਮੋਰਚੇ ਦੇ ਪ੍ਰਮੁੱਖ ਆਗੂ ਡਾ. ਦਰਸ਼ਨਪਾਲ, ਪੰਮੀ ਬਾਈ, ਸਵੈਗ ਦੇ ਪ੍ਰਧਾਨ ਰਣਬੀਰ ਸਿੰਘ ਦੇਹਲਾ, ਅਜੈ ਟਿਵਾਣਾ ਤੇ ਬਿੱਟੂ ਰਾਠੀਆਂ ਆਦਿ ਵੀ ਮੌਜੂਦ ਸਨ।

Leave a Reply

Your email address will not be published.