ਪੰਜਾਬ ’ਚੋਂ ਮੁਜ਼ੱਫਰਨਗਰ ਮਹਾ ਰੈਲੀ ਲਈ ਕਿਸਾਨਾਂ ਦੇ ਜਥੇ ਰਵਾਨਾ ਹੋਣ ਲੱਗੇ

ਮਾਨਸਾ,

ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਵਿੱਢੇ ਕਿਸਾਨੀ ਘੋਲ ਨੂੰ ਹੋਰ ਵਿਸ਼ਾਲ ਅਤੇ ਮਜ਼ਬੂਤ ਕਰਨ ਲਈ 5 ਸਤੰਬਰ ਨੂੰ ਮੁਜੱਫ਼ਰਨਗਰ (ਯੂਪੀ) ਵਿੱਚ ਕੀਤੀ ਜਾ ਰਹੀ ਕਿਸਾਨ ਮਹਾ ਰੈਲੀ ਲਈ ਪੰਜਾਬ ਦੀਆਂ ਬਹੁਤੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਬੱਸਾਂ ਅਤੇ ਹੋਰ ਸਾਧਨਾਂ ਰਾਹੀਂ ਰਵਾਨਗੀ ਸ਼ੁਰੂ ਕਰ ਦਿੱਤੀ ਹੈ। ਆਗੂਆਂ ਨੇ ਦਲੀਲ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਮਾੜਾ ਮੌਸਮ ਹੋਣ ਅਤੇ 5 ਸਤੰਬਰ ਨੂੰ ਖੱਜਲ-ਖੁਆਰੀ ਅਤੇ ਥਾਂ-ਥਾਂ ’ਤੇ ਜਾਮ ਲੱਗਣ ਦੇ ਖਦਸ਼ਿਆਂ ਕਾਰਨ ਉਹ ਇੱਕ ਦਿਨ ਪਹਿਲਾਂ ਹੀ ਕੂਚ ਕਰ ਰਹੇ ਹਨ। ਕਈ ਜਥੇਬੰਦੀਆਂ ਨੇ ਆਪਣੇ ਜਥਿਆਂ ਵਿੱਚ ਔਰਤਾਂ ਨੂੰ ਵੀ ਬੇਝਿੱਜਕ ਹੋਕੇ ਵੱਡੀ ਗਿਣਤੀ ਵਿੱਚ ਲਿਜਾਣ ਉਪਰਾਲਾ ਕੀਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਮਾਲਵਾ ਖੇਤਰ ਵਿਚਲੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨਾਂ ਨੇ ਅੱਜ ਤੋਂ ਆਪੋ-ਆਪਣੇ ਜਥੇ ਲੈਕੇ ਯੂਪੀ ਵੱਲ ਚਾਲੇ ਪਾ ਦਿੱਤੇ ਹਨ। ਜਥੇਬੰਦੀ ਦੀ ਮਾਨਸਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਯੂਨੀਅਨ ਨੇ 5 ਸਤੰਬਰ ਦੀ ਖੱਜਲ-ਖੁਆਰੀ ਤੋਂ ਬਚਣ ਲਈ ਇੱਕ ਦਿਨ ਪਹਿਲਾਂ ਹੀ ਜਾਣ ਦਾ ਮਤਾ ਪਾਸ ਕੀਤਾ ਗਿਆ ਸੀ, ਜਿਸ ਤਹਿਤ ਅੱਜ ਜਥਿਆਂ ਨੂੰ ਪਿੰਡਾਂ ’ਚੋਂ ਤੋਰਨਾ ਆਰੰਭ ਕਰ ਦਿੱਤਾ ਗਿਆ ਹੈ। ਜਥੇਬੰਦੀ ਵੱਲੋਂ ਰਾਜ ਭਰ ਵਿਚੋਂ 5500 ਤੋਂ ਵੱਧ ਵਰਕਰਾਂ ਨੂੰ ਮੁੱਜ਼ਫਰਨਗਰ ਲਿਜਾਇਆ ਜਾਵੇਗਾ, ਜਿਨ੍ਹਾਂ ਵਿੱਚ ਹਜ਼ਾਰ ਤੋਂ ਜ਼ਿਆਦਾ ਔਰਤਾਂ ਵੀ ਸ਼ਾਮਲ ਹਨ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਸੂਬੇ ਭਰ ਵਿਚੋਂ ਕਿਸਾਨ ਵਰਕਰਾਂ ਨੂੰ ਲਿਜਾਣ ਲਈ ਵਹੀਕਲਾਂ ਦਾ ਪ੍ਰਬੰਧ ਪਹਿਲਾਂ ਤੋਂ ਹੀ ਕੀਤਾ ਗਿਆ ਹੈ। ਜ਼ਿਲ੍ਹਾ ਸੰਗਰੂਰ ਵਿਚੋਂ 30 ਵੱਡੀਆਂ ਬੱਸਾਂ, ਮਾਨਸਾ ’ਚੋਂ 10, ਬਠਿੰਡਾ 10, ਬਰਨਾਲਾ 7, ਪਟਿਆਲਾ 9 (ਕੁੱਲ 80) ਬੱਸਾਂ ਕਿਰਾੲੇ ’ਤੇ ਕਰ ਲਈਆਂ ਗਈਆਂ ਹਨ, ਜੋ ਅੱਜ ਮੁਜ਼ੱਫਰਨਗਰ ਲਈ ਰਵਾਨਾ ਹੋਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਹਰ ਬੱਸ ਵਿੱਚ ਵਰਕਰ ਆਪੋ-ਆਪਣੇ ਲਈ ਪਾਣੀ, ਰੋਟੀ,ਚਾਹ,ਦੁੱਧ,ਦਵਾਈ-ਬੂਟੀ ਅਤੇ ਹੋਰ ਲੋੜੀਂਦੀ ਸਮੱਗਰੀ ਸਮੇਤ ਬਿਸਤਰੇ ਲਿਜਾਣ ਦੇ ਪਾਬੰਦ ਹੋਣਗੇ। ਸ੍ਰੀ ਕੋਕਰੀ ਨੇ ਦੱਸਿਆ ਕਿ ‌ਪੰਜਾਬ ਚੋਂ ਜਾਣ‌‌ ਵਾਲੇ‌‌ ਕਿਸਾਨਾਂ ਦੇ ਜਥਿਆਂ ਨੂੰ ਕਰੂਕਸ਼ੇਤਰ ਦੀ ਜਾਟ ਧਰਮਸ਼ਾਲਾ ਵਿਖੇ ਅੱਜ 4 ਦਸੰਬਰ ਨੂੰ ਰਾਤ ਸਮੇਂ ਠਹਿਰਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਥੇ ਲੰਗਰ ਪਾਣੀ ਦਾ ਪ੍ਰਬੰਧ ਉਥੋਂ ਦੇ ਪ੍ਰਬੰਧਕਾਂ ਵਲੋਂ ਹੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

Leave a Reply

Your email address will not be published. Required fields are marked *