ਅਧਿਆਪਕ ਦਿਵਸ: ਰਾਸ਼ਟਰਪਤੀ ਵੱਲੋਂ 44 ਅਧਿਆਪਕਾਂ ਦਾ ਕੌਮੀ ਐਵਾਰਡ ਨਾਲ ਸਨਮਾਨ

ਨਵੀਂ ਦਿੱਲੀ,

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਅਧਿਆਪਕ ਦਿਵਸ ਮੌਕੇ ਦੇਸ਼ ਭਰ ਤੋਂ 44 ਅਧਿਆਪਕਾਂ ਦਾ ਉਨ੍ਹਾਂ ਵੱਲੋਂ ਅਧਿਆਪਨ ਲਈ ਆਧੁਨਿਕ ਤਰੀਕੇ ਵਿਕਸਿਤ ਕਰਨ ਬਦਲੇ ਕੌਮੀ ਅਧਿਆਪਕ ਐਵਾਰਡ ਨਾਲ ਸਨਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰੇਕ ਬੱਚੇ ਅੰਦਰ ਵੱਖ-ਵੱਖ ਸਮਰੱਥਾਵਾਂ ਅਤੇ ਹੁਨਰ ਹੁੰਦਾ ਹੈ, ਇਸ ਲਈ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਉਨ੍ਹਾਂ ਦੀਆਂ ਵੱਖ-ਵੱਖ ਲੋੜਾਂ ਅਤੇ ਰੁਚੀਆਂ ਨੂੰ ਧਿਆਨ ’ਚ ਰੱਖਣ ਦੀ ਲੋੜ ਹੈ।

ਵਰਚੁਅਲ ਐਵਾਰਡ ਸਮਾਗਮ ਦੌਰਾਨ ਸ੍ਰੀ ਕੋਵਿੰਦ ਨੇ ਕਿਹਾ, ‘ਅਧਿਆਪਕਾਂ ਨੂੰ ਇਸ ਤੱਥ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿ ਹਰੇਕ ਵਿਦਿਆਰਥੀ ਦੀਆਂ ਯੋਗਤਾਵਾਂ, ਹੁਨਰ, ਮਾਨਿਸਕਤਾ, ਸਮਾਜਿਕ ਪਿੱਠਭੂਮੀ ਅਤੇ ਵਾਤਾਵਰਨ (ਹਾਲਾਤ) ਵੱਖੋ-ਵੱਖਰੇ ਹੁੰਦੇ ਹਨ। ਇਸ ਲਈ ਹਰ ਬੱਚੇ ਦੀਆਂ ਲੋੜਾਂ, ਰੁਚੀਆਂ ਅਤੇ ਯੋਗਤਾਵਾਂ ਮੁਤਾਬਕ ਉਸ ਦੇ ਸਰਬਖੱਪੀ ਵਿਕਾਸ ’ਤੇ ਜ਼ੋਰ ਦੇਣਾ ਚਾਹੀਦਾ ਹੈ।’

ਉਨ੍ਹਾਂ ਕਿਹਾ, ‘ਹਰ ਵਿਦਿਆਰਥੀ ਅੰਦਰ ਮੌਜੂਦ ਪੈਦਾਇਸ਼ੀ ਹੁਨਰ ਨੂੰ ਨਿਖਾਰਨਾ ਅਧਿਆਪਕਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ। ਇੱਕ ਚੰਗਾ ਅਧਿਆਪਕ ਇੱਕ ਸ਼ਖਸੀਅਤ ਨਿਰਮਾਤਾ, ਸਮਾਜ ਨਿਰਮਾਤਾ ਅਤੇ ਦੇਸ਼ ਨਿਰਮਾਤਾ ਹੁੰਦਾ ਹੈ।’

ਰਾਸ਼ਟਰਪਤੀ ਨੇ ਬੇਮਿਸਾਲ ਯੋਗਦਾਨ ਬਦਲੇ ਐਵਾਰਡ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਕਿਹਾ, ‘ਅਜਿਹੇ ਅਧਿਆਪਕਾਂ ਨੇ ਮੇਰੇ ਇਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਹੈ ਕਿ ਭਵਿੱਖ ਦੀ ਪੀੜੀ ਸਾਡੇ ਕੁਸ਼ਲ ਅਧਿਆਪਕਾਂ ਦੇ ਹੱਥਾਂ ਦੇ ਵਿੱਚ ਸੁਰੱਖਿਅਤ ਹੈ। ਹਰੇਕ ਜ਼ਿੰਦਗੀ ’ਚ ਅਧਿਆਪਕ ਦਾ ਬਹੁਤ ਅਹਿਮ ਸਥਾਨ ਹੁੰਦਾ ਹੈ, ਲੋਕ ਆਪਣੇ ਅਧਿਆਪਕਾਂ ਨੂੰ ਉਮਰ ਭਰ ਯਾਦ ਰੱਖਦੇ ਹਨ। ਉਹ ਅਧਿਆਪਕ ਜਿਹੜੇ ਆਪਣੇ ਵਿਦਿਆਰਥੀਆਂ ਨੂੰ ਲਗਾਅ ਤੇ ਸਮਰਪਣ ਨਾਲ ਪੜ੍ਹਾਉਂਦੇ ਹਨ, ਆਪਣੇ ਵਿਦਿਆਥੀਆਂ ਤੋਂ ਹਮੇਸ਼ਾ ਮਾਣ ਹਾਸਲ ਕਰਦੇ ਹਨ।’

ਉਨ੍ਹਾਂ ਨੇ ਅਧਿਆਪਕਾਂ ਨੇ ਅਪੀਲ ਕੀਤੀ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਅਤੇ ਉਨ੍ਹਾਂ ਦੇ ਸੁਨਿਹਰੀ ਭਵਿੱਖ ਦੇ ਸੁਫਨੇ ਪੂਰੇ ਕਰਨ ਦੇ ਸਮਰੱਥ ਬਣਾਉਣ। ਉਨ੍ਹਾਂ ਨੇ ਕਰੋਨਾ ਮਹਾਮਾਰੀ ਦੇ ਸੰਕਟ ਦੌਰਾਨ ਸਕੂਲ ਅਤੇ ਕਾਲਜਾਂ ਦੇ ਬੰਦ ਹੋਣ ਕਾਰਨ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਨਵੀਆਂ ਤਕਨੀਕਾਂ ਸਿੱਖਣ ਲਈ ਵੀ ਅਧਿਆਪਕਾਂ ਦੀ ਸ਼ਲਾਘਾ ਕੀਤੀ। ਵਰਚੁਅਲ ਐਵਾਰਡ ਸਮਾਗਮ ਦੌਰਾਨ ਸਨਮਾਨਿਤ 44 ਅਧਿਆਪਕਾਂ ’ਤੇ ਡਾਕੂਮੈਂਟਰੀ ਵੀ ਦਿਖਾਈ ਗਈ।

Leave a Reply

Your email address will not be published.