ਗੁਲਾਬੀ ਸੁੰਡੀ ਦਾ ਨਰਮੇ ’ਤੇ ਹਮਲਾ: ਕਿਸਾਨਾਂ ਵੱਲੋਂ ਖੇਤੀ ਦਫ਼ਤਰਾਂ ਦਾ ਘਿਰਾਓ ਸ਼ੁਰੂ

ਮਾਨਸਾ

ਮਾਲਵੇ ਖੇਤਰ ਵਿਚ ਨਰਮੇ ਦੀ ਫਸਲ ਉੱਤੇ ਗੁਲਾਬੀ ਸੁੰਡੀ ਦੇ ਹਮਲੇ ਲਈ ਖੇਤੀਬਾੜੀ ਵਿਭਾਗ ਦੀ ਕਥਿਤ ਸੁਸਤੀ ’ਤੇ ਉਂਗਲ ਉੱਠਣ ਲੱਗੀ ਹੈ। ਵਿਭਾਗ ਵੱਲੋਂ ਵੇਲੇ ਸਿਰ ਕਿਸਾਨਾਂ ਨੂੰ ਇਸ ਸੁੰਡੀ ਬਾਰੇ ਜਾਗਰੂਕ ਨਾ ਕਰਨ ਦਾ ਵਿਰੋਧ ਹੁਣ ਸੜਕਾਂ ‘ਤੇ ਆ ਗਿਆ ਹੈ। ਸੁੰਡੀ ਦਾ ਖੇਤਾਂ ਵਿਚ ਹਮਲਾ ਹੋਣ ਦੇ ਬਾਵਜੂਦ ਦਫ਼ਤਰਾਂ ਵਿਚ ਬੈਠੇ ਖੇਤੀ ਅਧਿਕਾਰੀਆਂ ਨੂੰ ਘੇਰਨ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਮਾਨਸਾ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਦਾ ਘਿਰਾਓ ਕਰਕੇ ਧਰਨਾ ਲਾ ਦਿੱਤਾ ਹੈ ਅਤੇ ਇਸ ਸੁੰਡੀ ਲਈ ਸਿੱਧਾ ਕਸੂਰ ਵਿਭਾਗੀ ਅਧਿਕਾਰੀਆਂ ਸਿਰ ਮੜ੍ਹ ਦਿੱਤਾ ਗਿਆ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮਹਿਕਮੇ ਦੇ ਅਫਸਰ ਕਦੇ ਵੀ ਕੀਟ ਪਤੰਗਿਆਂ ਦੇ ਹਮਲੇ ਤੋਂ ਪਹਿਲਾਂ ਕਿਸਾਨਾਂ ਨੂੰ ਸੁਚੇਤ ਨਹੀਂ ਕਰਦੇ ਹਨ, ਸਗੋਂ ਸੁੰਡੀਆਂ ਵਲੋਂ ਫਸਲਾਂ ਨੂੰ ਚੱਟ ਜਾਣ ਤੋਂ ਪਿੱਛੋਂ ਖ਼ਾਨਾਪੂਰਤੀ ਲਈ ਖੇਤਾਂ ਵਿਚ ਜਾ ਖੜਦੇ ਹਨ। ਇਸੇ ਦੌਰਾਨ ਹੀ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਮਨਜੀਤ ਸਿੰਘ ਨੇ ਵਿਭਾਗ ਵਲੋਂ ਬਕਾਇਦਾ ਇਕ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ, ਜਿਸ ਤਹਿਤ ਕਿਸਾਨਾਂ ਨੂੰ ਇਸ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

Leave a Reply

Your email address will not be published.