ਤਾਲਿਬਾਨ ਵੱਲੋਂ ਪੰਜਸ਼ੀਰ ’ਤੇ ਮੁਕੰਮਲ ਕਬਜ਼ੇ ਦਾ ਦਾਅਵਾ

ਕਾਬੁਲ

ਤਾਲਿਬਾਨੀ ਲੜਾਕਿਆਂ ਨੇ ਕਾਬੁਲ ਦੇ ਉੱਤਰ ਵਿੱਚ ਪੰਜਸ਼ੀਰ ਸੂਬੇ ਨੂੰ ਮੁਕੰਮਲ ਤੌਰ ’ਤੇ ਆਪਣੇ ਕਬਜ਼ੇ ਵਿੱਚ ਲੈਣ ਦਾ ਦਾਅਵਾ ਕੀਤਾ ਹੈ। ਪਿਛਲੇ ਮਹੀਨੇ 15 ਅਗਸਤ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਤੇ ਕਬਜ਼ੇ ਮਗਰੋਂ ਪੰਜਸ਼ੀਰ ਇਕੋ-ਇਕ ਸੂਬਾ ਸੀ, ਜੋ ਅਜੇ ਤੱਕ ਤਾਲਿਬਾਨੀਆਂ ਦੀ ਗ੍ਰਿਫ਼ਤ ’ਚੋਂ ਬਾਹਰ ਸੀ। ਖੇਤਰ ਵਿੱਚ ਮੌਜੂਦ ਚਸ਼ਮਦੀਦਾਂ ਨੇ ਕਿਹਾ ਕਿ ਹਜ਼ਾਰਾਂ ਤਾਲਿਬਾਨ ਲੜਾਕਿਆਂ ਨੇ ਪੰਜਸ਼ੀਰ ਦੇ ਅੱਠ ਜ਼ਿਲ੍ਹਿਆਂ ਨੂੰ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਹੀ ਆਪਣੇ ਅਧੀਨ ਲੈ ਲਿਆ ਸੀ। ਉਧਰ ਤਾਲਿਬਾਨ ਦੇ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਅੱਜ ਇਕ ਬਿਆਨ ਵਿੱਚ ਕਿਹਾ ਕਿ ਪੰਜਸ਼ੀਰ ਤਾਲਿਬਾਨੀ ਲੜਾਕਿਆਂ ਦੇ ਕੰਟਰੋਲ ਵਿੱਚ ਹੈ। ਤਾਲਿਬਾਨ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਇਕ ਤਸਵੀਰ ਵਿੱਚ ਤਾਲਿਬਾਨੀ ਲੜਾਕੇ ਪੰਜਸ਼ੀਰ ਸੂਬੇ ਦੇ ਗਵਰਨਰ ਦੇ ਦਫ਼ਤਰ ਵਿੱਚ ਨਜ਼ਰ ਆ ਰਹੇ ਹਨ। ਤਾਲਿਬਾਨ ਵਿਰੋਧੀ ਧੜੇ ਦਾ ਤਰਜਮਾਨ ਫਾਹਿਮ ਦਸ਼ਤੀ ਜੰਗ ਦੌਰਾਨ ਹਲਾਕ ਹੋ ਗਿਆ ਹੈ। ਉਹ ਸਾਬਕਾ ਸਰਕਾਰ ਦੇ ਸੀਨੀਅਰ ਅਧਿਕਾਰੀ ਅਬਦੁੱਲਾ ਅਬਦੁੱਲਾ ਦਾ ਭਤੀਜਾ ਸੀ।  ਉਧਰ ਨੈਸ਼ਨਲ ਰਜ਼ਿਸਟੈਂਸ ਫਰੰਟ (ਐੱਨਆਰਐੱਫ), ਜਿਸ ਵਿੱਚ ਤਾਲਿਬਾਨ ਵਿਰੋਧੀ ਮਿਲੀਸ਼ੀਆ ਤੇ ਸਾਬਕਾ ਅਫ਼ਗ਼ਾਨ ਸੁਰੱਖਿਆ ਦਸਤੇ ਸ਼ਾਮਲ ਹਨ, ਨੇ ਦਾਅਵਾ ਕੀਤਾ ਕਿ ਉਸ ਦੇ ਲੜਾਕੇ ਪੰਜਸ਼ੀਰ ਵਾਦੀ ਵਿੱਚ ‘ਰਣਨੀਤਕ ਪੱਖੋਂ ਅਹਿਮ ਟਿਕਾਣਿਆਂ’ ਉੱਤੇ ਮੌਜੂਦ ਹਨ ਤੇ ਉਹ ਆਪਣੀ ਲੜਾਈ ਜਾਰੀ ਰੱਖਣਗੇ। ਐੱਨਆਰਐੱਫ ਨੇ ਅੰਗਰੇਜ਼ੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਅਸੀਂ ਅਫ਼ਗ਼ਾਨਿਸਤਾਨ ਦੇ ਲੋਕਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਤਾਲਿਬਾਨ ਤੇ ਉਸ ਦੇ ਭਾਈਵਾਲਾਂ ਖਿਲਾਫ਼ ਵਿੱਂਢੀ ਲੜਾਈ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਨਿਆਂ ਤੇ ਆਜ਼ਾਦੀ ਨਹੀਂ ਮਿਲ ਜਾਂਦੀ।’’ ਉਂਜ ਬਾਗ਼ੀਆਂ ਦੀ ਅਗਵਾਈ ਕਰ ਰਹੇ ਅਹਿਮਦ ਸ਼ਾਹ ਮਸੂਦ ਨੇ ਐਤਵਾਰ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਜੇਕਰ ਤਾਲਿਬਾਨ ਲੜਾਕੇ ਪਿੱਛੇ ਹਟ ਜਾਂਦੇ ਹਨ ਤਾਂ ਉਹ ਸ਼ਾਂਤੀ ਵਾਰਤਾ ਲਈ ਤਿਆਰ ਹਨ। ਉਧਰ ਅਫ਼ਗਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਅਮਰੁੱਲ੍ਹਾ ਸਾਲੇਹ ਦਾ ਕੋਈ ਬਿਆਨ ਨਹੀਂ ਆਇਆ ਹੈ ਜਿਸ ਨੇ ਅਸ਼ਰਫ਼ ਗਨੀ ਦੇ ਮੁਲਕ ’ਚੋਂ ਭੱਜਣ ਮਗਰੋਂ ਆਪਣੇ ਆਪ ਨੂੰ ਰਾਸ਼ਟਰਪਤੀ ਐਲਾਨ ਦਿੱਤਾ ਸੀ। ਸਾਲੇਹ ਅਤੇ ਮਸੂਦ ਦੇ ਟਿਕਾਣਿਆਂ ਦਾ ਫੌਰੀ ਪਤਾ ਨਹੀਂ ਲੱਗ ਸਕਿਆ ਹੈ। ਤਾਲਿਬਾਨ ਤਰਜਮਾਨ ਨੇ ਬਿਆਨ ’ਚ ਪੰਜਸ਼ੀਰ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਸੁਰੱਖਿਅਤ ਰਹਿਣਗੇ ਕਿਉਂਕਿ ਕਈ ਪਰਿਵਾਰ ਡਰ ਦੇ ਮਾਰੇ ਪਹਾੜੀਆਂ ’ਤੇ ਚਲੇ ਗੲੇ ਹਨ।

Leave a Reply

Your email address will not be published. Required fields are marked *