ਫਲੋਰਿਡਾ: ਬੰਦੂਕਧਾਰੀ ਦੇ ਹਮਲੇ ’ਚ ਚਾਰ ਜਣੇ ਹਲਾਕ

ਫੋਰਟ ਲੌਡਰਡੇਲ,

ਫਲੋਰਿਡਾ ’ਚ ਹਥਿਆਰਬੰਦ ਵਿਅਕਤੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਚਾਰ ਵਿਅਕਤੀਆਂ ਦੀ ਜਾਨ ਲੈ ਲਈ ਹੈ। ਇਨ੍ਹਾਂ ’ਚ ਇਕ ਮਹਿਲਾ, ਉਸ ਦੀ ਗੋਦ ’ਚ ਬੈਠੀ ਬੱਚੀ ਅਤੇ ਦਾਦੀ ਸ਼ਾਮਲ ਹਨ। ਹਮਲੇ ’ਚ 11 ਸਾਲ ਦੀ ਬੱਚੀ ਦੇ ਸੱਤ ਗੋਲੀਆਂ ਲੱਗੀਆਂ ਹਨ ਪਰ ਉਹ ਅਜੇ ਜਿਊਂਦੀ ਹੈ। ਪੋਲਕ ਕਾਊਂਟੀ ਦੇ ਪੁਲੀਸ ਅਧਿਕਾਰੀ ਗਰੇਡੀ ਜੂਡ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 33 ਸਾਲ ਦੇ ਬ੍ਰਾਇਨ ਰਿਲੇਅ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੌਰਾਨ ਉਸ ਨੇ ਪੁਲੀਸ ਕਰਮੀ ਤੋਂ ਬੰਦੂਕ ਖੋਹਣ ਦੀ ਵੀ ਕੋਸ਼ਿਸ਼ ਕੀਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰਿਲੇਅ ਸਾਬਕਾ ਮੈਰੀਨ ਹੈ, ਜਿਸ ਨੇ ਇਰਾਕ ਅਤੇ ਅਫ਼ਗਾਨਿਸਤਾਨ ’ਚ ਨਿਸ਼ਾਨਚੀ ਵਜੋਂ ਸੇਵਾਵਾਂ ਨਿਭਾਈਆਂ ਸਨ ਅਤੇ ਉਹ ਮਾਨਸਿਕ ਤੌਰ ’ਤੇ ਪੈਦਾ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਉਸ ਦੀ ਮਹਿਲਾ ਦੋਸਤ ਨੇ ਦੱਸਿਆ ਕਿ ਰਿਲੇਅ ਵਾਰ ਵਾਰ ਆਖਦਾ ਰਿਹਾ ਹੈ ਕਿ ਉਸ ਦਾ ਰੱਬ ਨਾਲ ਵੀ ਸਿੱਧਾ ਸੰਪਰਕ ਹੈ। ਜਾਂਚ ਦੌਰਾਨ ਹਮਲਾਵਰ ਨੇ ਪੁਲੀਸ ਨੂੰ ਦੱਸਿਆ ਕਿ ਲੋਕ ਆਪਣੀ ਜਾਨ ਬਖ਼ਸ਼ਣ ਲਈ ਗਿੜਗੜਾਉਂਦੇ ਰਹੇ ਪਰ ਫਿਰ ਵੀ ਉਸ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ। ਪੁਲੀਸ ਮੁਤਾਬਕ ਹਮਲਾਵਰ ਨੇ ਪਰਿਵਾਰ ਨੂੰ ਬਿਨਾਂ ਸੋਚੇ-ਸਮਝੇ ਅਤੇ ਬਿਨਾਂ ਕਿਸੇ ਰੰਜਿਸ਼ ਦੇ ਨਿਸ਼ਾਨਾ ਬਣਾਇਆ। ਰਿਲੇਅ ਨੇ ਸ਼ਨਿਚਰਵਾਰ ਰਾਤ ਗਿਲਸਨ ਨੂੰ ਕਿਹਾ ਸੀ ਕਿ ਰੱਬ ਨੇ ਉਸ ਨੂੰ ਉਨ੍ਹਾਂ ਕੋਲ ਭੇਜਿਆ ਹੈ ਕਿਉਂਕਿ ਗਿਲਸਨ ਦੀ ਧੀ ਖੁਦਕੁਸ਼ੀ ਕਰਨ ਵਾਲੀ ਹੈ। ਇਸ ਘਟਨਾ ਦੇ ਕਰੀਬ 9 ਘੰਟਿਆਂ ਮਗਰੋਂ ਰਿਲੇਅ ਪੀੜਤਾਂ ਦੇ ਘਰ ਪਰਤਿਆ ਅਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਹ ਸ਼ਖਸ ਹਮਲੇ ਤੋਂ ਪਹਿਲਾਂ ਨਾਇਕ ਸੀ ਪਰ ਹੁਣ ਉਹ ਕਾਤਲ ਬਣ ਗਿਆ ਹੈ।

Leave a Reply

Your email address will not be published.