ਕਿੰਨੇ ਸੱਚ ਹੋਣਗੇ ਕੋਵਿਡ ਰਿਕਵਰੀ ਲਈ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਵਾਅਦੇ?

ਓਟਵਾ, : ਇਸ ਸਮੇਂ ਕੈਨੇਡਾ ਦੀ ਕੋਵਿਡ ਰਿਕਵਰੀ ਬੜੇ ਹੀ ਨਾਜ਼ੁਕ ਸਮੇਂ ਵਿੱਚੋਂ ਲੰਘ ਰਹੀ ਹੈ। ਹੁਣ ਜਦੋਂ ਮਹਾਂਮਾਰੀ ਕਾਰਨ ਲੜਖੜਾਉਂਦਾ ਹੋਇਆ ਅਰਥਚਾਰਾ ਮੁੜ ਆਪਣੇ ਪੈਰਾਂ ਉੱਤੇ ਖੜ੍ਹਾ ਹੋਣ ਦੀ ਕੋਸਿ਼ਸ਼ ਕਰ ਰਿਹਾ ਹੈ ਤਾਂ ਅਜਿਹੇ ਵਿੱਚ ਮਹਿੰਗੇ ਪ੍ਰੋਗਰਾਮਾਂ ਨੂੰ ਕਿਸੇ ਬੰਨੇ ਲਾਉਣ ਦੀ ਕੁਦਰਤੀ ਤਾਂਘ ਵੀ ਵੱਧ ਗਈ ਹੈ।ਪਰ ਡੈਲਟਾ ਵੇਰੀਐਂਟ ਵਾਲੀ ਚੌਥੀ ਵੇਵ ਕਾਰਨ ਉਨ੍ਹਾਂ ਲੋਕਾਂ ਨੂੰ ਵਧੇਰੇ ਨੁਕਸਾਨ ਹੋ ਰਿਹਾ ਹੈ ਜਿਨ੍ਹਾਂ ਵੈਕਸੀਨੇਸ਼ਨ ਨਹੀਂ ਕਰਵਾਈ ਹੋਈ। ਇਸ ਦੇ ਮੱਦੇਨਜ਼ਰ ਜੇ ਮਾਮਲੇ ਇਸੇ ਤਰ੍ਹਾਂ ਵੱਧਦੇ ਰਹੇ ਤਾਂ ਹੋਰ ਲਾਕਡਾਊਨ ਲਾਜ਼ਮੀ ਹੋ ਜਾਣਗੇ। ਇਨ੍ਹਾਂ ਕਾਰਨ ਪ੍ਰੋਵਿੰਸ਼ੀਅਲ ਪੱਧਰ ਉੱਤੇ ਉੱਠ ਰਹੀ ਵੈਕਸੀਨ ਸਰਟੀਫਿਕੇਟਸ ਦੀ ਮੰਗ ਕੁੱਝ ਸੈਕਟਰਜ਼ ਲਈ ਅਸਥਿਰਤਾ ਪੈਦਾ ਕਰ ਦੇਵੇਗੀ। ਇਸ ਤੋਂ ਭਾਵ ਹੈ ਕਿ ਅਜਿਹੇ ਪ੍ਰੋਗਰਾਮਾਂ ਵਿੱਚ ਹੋਰ ਵਾਧਾ ਕਰਨਾ ਹੋਵੇਗਾ।ਅਜਿਹੇ ਵਿੱਚ ਫੈਡਰਲ ਚੋਣਾਂ ਦਰਮਿਆਨ ਕੋਵਿਡ-19 ਦੀ ਰਿਕਵਰੀ ਦੇ ਸਬੰਧ ਵਿੱਚ ਵੱਖ ਵੱਖ ਪਾਰਟੀਆਂ ਦਾ ਨਜ਼ਰੀਆ ਕੀ ਹੈ ਇਸ ਉੱਤੇ ਝਾਤੀ ਮਾਰਨਾ ਜ਼ਰੂਰੀ ਹੋ ਜਾਂਦਾ ਹੈ।
ਰਲੀਫ ਬੈਨੇਫਿਟਸ ਤੇ ਵੇਜ ਸਬਸਿਡੀਜ਼ ਦੇ ਰੂਪ ਵਿੱਚ ਲਿਬਰਲਾਂ ਨੇ ਮਹਾਂਮਾਰੀ ਦੌਰਾਨ ਕਈ ਬਿਲੀਅਨ ਡਾਲਰ ਖਰਚ ਕੀਤੇ। ਉਨ੍ਹਾਂ ਵੱਲੋਂ ਐਮਰਜੰਸੀ ਵੇਜ ਸਬਸਿਡੀ ਅਕਤੂਬਰ ਤੱਕ ਤੇ ਕੈਨੇਡਾ ਰਿਕਵਰੀ ਹਾਇਰਿੰਗ ਪ੍ਰੋਗਰਾਮ ਵਿੱਚ 31 ਮਾਰਚ ਤੱਕ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਟੈਂਪਰੇਰੀ ਵੇਜ ਤੇ ਖਰਚਿਆਂ ਦਾ 75 ਫੀ ਸਦੀ ਤੱਕ ਰੈਂਟ ਸਪੋਰਟ ਨਾਲ ਟੂਰਿਜ਼ਮ ਇੰਡਸਟਰੀ ਦੀ ਮਦਦ ਕਰਨ ਦਾ ਤਹੱਈਆ ਪ੍ਰਗਟਾਇਆ ਗਿਆ ਹੈ।ਇਸ ਤੋਂ ਇਲਾਵਾ ਅਪਰੈਲ ਵਿੱਚ ਸਰਕਾਰ ਤੇ ਏਅਰ ਕੈਨੇਡਾ ਦਰਮਿਆਨ 5·9 ਬਿਲੀਅਨ ਡਾਲਰ ਦੇ ਲੋਨ ਪੈਕੇਜ ਉੱਤੇ ਸਹਿਮਤੀ ਵੀ ਬਣ ਚੁੱਕੀ ਹੈ।
ਆਪਣੇ ਚੋਣ ਵਾਅਦਿਆਂ ਵਿੱਚ ਕੰਜ਼ਰਵੇਟਿਵ ਜਿੰ਼ਮੇਵਰਾਨਾ ਢੰਗ ਨਾਲ ਐਮਰਜੰਸੀ ਖਰਚਿਆਂ ਨੂੰ ਨੱਥ ਪਾਉਣ ਤੇ ਕੈਨੇਡਾ ਦੇ “ਜੌਬਜ਼ ਸਰਜ ਪਲੈਨ” ਰਾਹੀਂ ਸੱਭ ਤੋਂ ਵੱਧ ਮਾਰ ਸਹਿ ਰਹੇ ਸੈਕਟਰਜ਼ ਦੀ ਮਦਦ ਕਰਨ ਦਾ ਤਹੱਈਆ ਪ੍ਰਗਟਾਅ ਰਹੇ ਹਨ। ਇਸ ਪਲੈਨ ਤਹਿਤ ਕੰਜ਼ਰਵੇਟਿਵਾਂ ਵੱਲੋਂ ਵੇਜ ਸਬਸਿਡੀ ਐਕਸਪਾਇਰ ਹੋਣ ਤੋਂ ਬਾਅਦ ਨਵੇਂ ਹਾਇਰ ਕੀਤੇ ਮੁਲਾਜ਼ਮਾਂ ਦੀਆਂ ਸੈਲਰੀਜ਼ ਦਾ 50 ਫੀ ਸਦੀ ਦੇਣ ਦਾ ਵਾਅਦਾ ਵੀ ਕੀਤਾ ਜਾ ਰਿਹਾ ਹੈ।ਪਾਰਟੀ ਵੱਲੋਂ ਰੀਟੇਲ, ਮੇਜਬਾਨੀ ਤੇ ਟੂਰਿਜ਼ਮ ਸੈਕਟਰਜ਼ ਨਾਲ ਜੁੜੇ ਨਿੱਕੇ ਤੇ ਦਰਮਿਆਨੇ ਕਾਰੋਬਾਰਾਂ ਨੂੰ 200,000 ਡਾਲਰ ਤੱਕ ਦਾ ਲੋਨ ਦੇਣ ਦੀ ਵੀ ਗੱਲ ਆਖੀ ਜਾ ਰਹੀ ਹੈ। ਜਿਸ ਵਿੱਚੋਂ 25 ਫੀ ਸਦੀ ਮੁਆਫ ਕੀਤਾ ਜਾ ਸਕੇਗਾ। ਇਸ ਦੇ ਨਾਲ ਹੀ ਟੋਰੀਜ਼ ਵੱਲੋਂ ਏਅਰਲਾਈਨ ਸੈਕਟਰ ਦੇ ਮੁੜ ਨਿਰਮਾਣ ਦੀ ਗੱਲ ਵੀ ਕੀਤੀ ਜਾ ਰਹੀ ਹੈ।
ਮਹਾਂਮਾਰੀ ਦੌਰਾਨ ਐਮਰਜੰਸੀ ਇਕਨੌਮਿਕ ਏਡ ਪ੍ਰੋਗਰਾਮਾਂ ਨੂੰ ਖੁੱਲ੍ਹਦਿਲੀ ਨਾਲ ਤਿਆਰ ਕਰਨ ਲਈ ਲਿਬਰਲਾਂ ਉੱਤੇ ਦਬਾਅ ਪਾਉਣ ਦਾ ਸਿਹਰਾ ਐਨਡੀਪੀ ਵੱਲੋਂ ਆਪਣੇ ਸਿਰ ਬੰਨ੍ਹਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਨਿੱਕੇ ਕਾਰੋਬਾਰਾਂ ਲਈ ਵੇਜ ਤੇ ਰੈਂਟ ਸਬਸਿਡੀਜ਼ ਵਿੱਚ ਵਾਧਾ ਕਰਨ ਅਤੇ ਮਹਾਂਮਾਰੀ ਦੌਰਾਨ ਔਖੇ ਸਾਹ ਲੈ ਰਹੀ ਟੂਰਿਜ਼ਮ ਇੰਡਸਟਰੀ ਦੀ ਬਾਂਹ ਫੜ੍ਹਨ ਦਾ ਵਾਅਦਾ ਵੀ ਕੀਤਾ ਜਾ ਰਿਹਾ ਹੈ।
ਇਸ ਮੁੱਦੇ ਉੱਤੇ ਬਲਾਕ ਕਿਊਬਿਕੁਆ ਅਤੇ ਗ੍ਰੀਨ ਪਾਰਟੀ ਨੇ ਅਜੇ ਆਪਣੀਆਂ ਨੀਤੀਆਂ ਸਪਸ਼ਟ ਨਹੀਂ ਕੀਤੀਆਂ ਹਨ। ਪਰ ਗ੍ਰੀਨ ਪਾਰਟੀ ਨੇ ਕੈਨੇਡਾ ਦੀ ਟੂਰਿਜ਼ਮ ਇੰਡਸਟਰੀ ਦੀ ਮਦਦ ਕਰਨ ਦਾ ਤਹੱਈਆ ਜ਼ਰੂਰ ਪ੍ਰਗਟਾਇਆ ਹੈ।ਇਸ ਦੌਰਾਨ ਪੀਪਲਜ਼ ਪਾਰਟੀ ਵੱਲੋਂ ਮਹਾਂਮਾਰੀ ਸੰਕਟ ਦੌਰਾਨ ਲਿਬਰਲਾਂ ਵੱਲੋਂ ਕੀਤੇ ਖਰਚਿਆਂ ਦੀ ਨੁਕਤਾਚੀਨੀ ਕੀਤੀ ਜਾ ਰਹੀ ਹੈ। ਪੀਪਲਜ਼ ਪਾਰਟੀ ਨੇ ਸਾਰੀਆਂ ਕਾਰਪੋਰੇਟ ਸਬਸਿਡੀਜ਼ ਖ਼ਤਮ ਕਰਨ ਦਾ ਤਹੱਈਆ ਪ੍ਰਗਟਾਇਆ ਹੈ।

Leave a Reply

Your email address will not be published. Required fields are marked *