ਖੇਤੀ ਕਾਨੂੰਨਾਂ ਦੀ ਵਾਪਸੀ ਲਈ ‘ਆਰ-ਪਾਰ’ ਦੀ ਲੜਾਈ ਦਾ ਅਹਿਦ

ਚੰਡੀਗੜ੍ਹ, 7 ਸਤੰਬਰ

ਪੰਜਾਬ ਦੇ ਸੰਘਰਸ਼ੀ ਅਖਾੜਿਆਂ ਤੋਂ ਕਿਸਾਨਾਂ ਨੇ ਕਿਹਾ ਹੈ ਕਿ ਮੁਜ਼ੱਫਰਨਗਰ ਅਤੇ ਕਰਨਾਲ ਦੀਆਂ ਮਹਾ ਪੰਚਾਇਤਾਂ ਨੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਨੂੰ ਨਵੀਂ ਦਿਸ਼ਾ ਦਿੱਤੀ ਹੈ। 32 ਕਿਸਾਨ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸਵਾ ਸੌ ਤੋਂ ਵੱਧ ਥਾਵਾਂ ’ਤੇ ਚੱਲ ਰਹੇ ਧਰਨਿਆਂ ਦੌਰਾਨ ਕਿਸਾਨ ਬੁਲਾਰਿਆਂ ਨੇ ਸੱਦਾ ਦਿੱਤਾ ਕਿ ਆਰ-ਪਾਰ ਦੀ ਲੜਾਈ ਦੇ ਦੌਰ ’ਤੇ ਪਹੁੰਚੇ ਕਿਸਾਨ ਅੰਦੋਲਨ ਨੂੰ ਆਉਂਦੇ ਦਿਨਾਂ ਦੌਰਾਨ ਹੋਰ ਭਖਾਇਆ ਜਾਵੇਗਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਜਥੇਬੰਦਕ ਤੇ ਦ੍ਰਿੜ੍ਹਤਾ ਨਾਲ ਲੜਾਈ ਲੜੀ ਜਾਵੇਗੀ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਭਾਜਪਾ ਇਸ ਲੜਾਈ ਨੂੰ ਮਹਿਜ਼ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਨਾ ਸਮਝੇ। ਇਹ ਲੜਾਈ ਆਜ਼ਾਦੀ ਦੀ ਲੜਾਈ ਵਾਂਗ ਕੌਮੀ ਲੜਾਈ ਬਣ ਚੁੱਕੀ ਹੈ। ਜਿਵੇਂ ਅੰਗਰੇਜ਼ਾਂ ਨੂੰ 1947 ਵਿੱਚ ਭਾਰਤ ਛੱਡਣ ਲਈ ਮਜਬੂਰ ਹੋਣਾ ਪਿਆ ਸੀ, ਉਸੇ ਤਰ੍ਹਾਂ ਭਾਜਪਾ ਅਤੇ ਉਸ ਦੇ ਸਹਿਯੋਗੀਆਂ ਨੂੰ ਕਾਰਪੋਰੇਟ ਦੀ ਸੇਵਾ ਛੱਡ ਕੇ ਜਨ ਸੇਵਾ ਦਾ ਅਸਲ ਸੰਕਲਪ ਨੂੰ ਅਪਣਾਉਣਾ ਪਵੇਗਾ।

ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਤੋਂ ਉੱਠਿਆ ਅੰਦੋਲਨ ਕਿਵੇਂ ਦੇਸ਼ ਵਿਆਪੀ ਬਣ ਗਿਆ ਹੈ, ਇਸ ਦਾ ਸਬੂਤ ਮਜ਼ੱਫਰਨਗਰ ਅਤੇ ਕਰਨਾਲ ਦੇ ਵੱਡੇ ਕਿਸਾਨ ਇਕੱਠਾਂ ਤੋਂ ਮਿਲਦਾ ਹੈ। ਕਿਸਾਨ ਆਗੂਆਂ ਨੇ ਹਰਿਆਣਾ ਸਰਕਾਰ ਨੂੰ ਲਾਠੀਚਾਰਜ ਲਈ ਜ਼ਿੰਮੇਵਾਰ ਅਫ਼ਸਰ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਮੋਗਾ ਘਟਨਾਵਾਂ ਲਈ ਜ਼ਿੰਮੇਵਾਰ ਅਫ਼ਸਰਾਂ ਵਿਰੁੱਧ ਕਾਰਵਾਈ ਕਰਨ ਤੇ ਕਿਸਾਨਾਂ ਖ਼ਿਲਾਫ਼ ਪੁਲੀਸ ਕੇਸ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ।

Leave a Reply

Your email address will not be published.