ਕੈਨੇਡਾ ਕੈਨੇਡੀਅਨ ਪਰਿਵਾਰਾਂ ਲਈ ਚਾਈਲਡ ਕੇਅਰ ਦੀ ਅਹਿਮੀਅਤ ਨੂੰ ਕਿੰਨਾਂ ਕੁ ਪਛਾਣਦੀਆਂ ਹਨ ਸਿਆਸੀ ਪਾਰਟੀਆਂ ?

ਕੈਨੇਡੀਅਨ ਪਰਿਵਾਰਾਂ ਲਈ ਚਾਈਲਡ ਕੇਅਰ ਦਾ ਮੁੱਦਾ ਕਾਫੀ ਅਹਿਮ ਹੈ। ਫੈਡਰਲ ਚੋਣਾਂ ਦਰਮਿਆਨ ਇਹ ਮੁੱਦਾ ਵੀ ਕਾਫੀ ਭਖਵਾਂ ਬਣਿਆ ਹੋਇਆ ਹੈ ਤੇ ਵੱਖ ਵੱਖ ਪਾਰਟੀਆਂ ਕੈਨੇਡੀਅਨ ਪਰਿਵਾਰਾਂ ਦੀ ਇਸ ਰਮਜ ਨੂੰ ਪਛਾਣਦਿਆਂ ਹੋਇਆਂ ਕਈ ਤਰ੍ਹਾਂ ਦੇ ਦਾਅਵੇ ਕਰ ਰਹੀਆਂ ਹਨ। ਆਓ ਜਾਣਦੇ ਹਾਂ ਕਿ ਵੱਖ ਵੱਖ ਪਾਰਟੀਆਂ ਦੇ ਚਾਈਲਡ ਕੇਅਰ ਬਾਰੇ ਕੀ ਵਿਚਾਰ ਹਨ :
ਫੈਡਰਲ ਸਰਕਾਰ ਵੱਲੋਂ ਆਪਣੇ ਚਾਈਲਡ ਕੇਅਰ ਪਲੈਨ ਤਹਿਤ ਅਗਲੇ ਪੰਜ ਸਾਲਾਂ ਵਿੱਚ ਪ੍ਰੋਵਿੰਸਾਂ ਨਾਲ ਭਾਈਵਾਲੀ ਕਰਕੇ 30 ਬਿਲੀਅਨ ਡਾਲਰ ਖਰਚਣ ਦੀ ਯੋਜਨਾ ਉਲੀਕੀ ਗਈ ਹੈ। ਇਸ ਪਲੈਨ ਉੱਤੇ ਸਾਈਨ ਕਰਨ ਵਾਲੇ ਪ੍ਰੋਵਿੰਸ ਹੁਣ ਤੋਂ ਪੰਜ ਸਾਲ ਬਾਅਦ ਚਾਈਲਡ ਕੇਅਰ ਦਿਨ ਦੇ 10 ਡਾਲਰ ਉੱਤੇ ਮੁਹੱਈਆ ਕਰਵਾਉਣਗੇ।
ਆਰਥਿਕ ਲਿਹਾਜ ਨਾਲ ਲਿਬਰਲਾਂ ਵੱਲੋਂ ਇਸ ਪਲੈਨ ਨੂੰ ਸਹੀ ਦੱਸਿਆ ਜਾ ਰਿਹਾ ਹੈ ਤੇ ਪਾਰਟੀ ਦਾ ਕਹਿਣਾ ਹੈ ਕਿ ਮਹਾਂਮਾਰੀ ਕਾਰਨ ਘੱਟੋ ਘੱਟ 16000 ਮਹਿਲਾਵਾਂ ਕੰਮ ਤੋਂ ਵਿਹਲੀਆਂ ਹੋ ਗਈਆਂ ਹਨ। ਪਾਰਟੀ ਦਾ ਇਹ ਵੀ ਆਖਣਾ ਹੈ ਕਿ ਚਾਈਲਡ ਕੇਅਰ ਮੁਹੱਈਆ ਕਰਵਾਉਣ ਨਾਲ ਮਹਿਲਾਵਾਂ ਨੂੰ ਕੰਮ ਉੱਤੇ ਜਾਣ ਵਿੱਚ ਮਦਦ ਮਿਲੇਗੀ ਤੇ ਉਨ੍ਹਾਂ ਦੇ ਮੋਢਿਆਂ ਉੱਤੇ ਬੱਚਿਆਂ ਦੀ ਦੇਖਭਾਲ ਦੀ ਜਿਹੜੀ ਜਿ਼ੰਮੇਵਾਰੀ ਪਈ ਹੈ ਉਹ ਕਿਸੇ ਹੱਦ ਤੱਕ ਘੱਟ ਹੋ ਸਕੇਗੀ।ਐਨਡੀਪੀ, ਬਲਾਕ ਤੇ ਗ੍ਰੀਨਜ਼ ਕੁੱਝ ਹੱਦ ਤੱਕ ਚਾਈਲਡ ਕੇਅਰ ਪ੍ਰੋਗਰਾਮ ਦੇ ਹੱਕ ਵਿੱਚ ਹਨ ਪਰ ਕੰਜ਼ਰਵੇਟਿਵਾਂ ਵੱਲੋਂ ਲਿਬਰਲਾਂ ਦੇ ਇਸ ਪ੍ਰੋਗਰਾਮ ਨੂੰ ਮਨਸੂਖ ਕਰਨ ਦਾ ਤਹੱਈਆ ਪ੍ਰਗਟਾਇਆ ਗਿਆ ਹੈ। ਇੱਥੇ ਹੀ ਬੱਸ ਨਹੀਂ ਕੰਜ਼ਰਵੇਟਿਵ ਇਸ ਨੂੰ ਟੈਕਸ ਕ੍ਰੈਡਿਟਸ ਦੀ ਸੀਰੀਜ਼ ਨਾਲ ਬਦਲਣ ਦੀ ਪੇਸ਼ਕਸ਼ ਕਰ ਰਹੇ ਹਨ ਜਿਹੜੀ ਲੋੜਵੰਦਾਂ ਨੂੰ ਚਾਈਲਡ ਕੇਅਰ ਕੌਸਟਸ ਲਈ ਮਹੀਨੇ ਦੇ 500 ਡਾਲਰ ਤੱਕ ਮੁਹੱਈਆ ਕਰਾਵੇਗੀ।
ਲਿਬਰਲਾਂ ਵੱਲੋਂ ਨੈਸ਼ਨਲ ਚਾਈਲਡ ਕੇਅਰ ਸਿਸਟਮ ਉੱਤੇ ਪੰਜ ਸਾਲਾਂ ਵਿੱਚ 30 ਬਿਲੀਅਨ ਡਾਲਰ ਨਿਵੇਸ਼ ਕੀਤੇ ਜਾਣ ਦੀ ਪੇਸ਼ਕਸ਼ ਕੀਤੀ ਗਈ ਹੈ ਤੇ ਇਹ ਪ੍ਰੋਗਰਾਮ ਉਨ੍ਹਾਂ ਦੇ ਬਜਟ ਦਾ ਅਹਿਮ ਹਿੱਸਾ ਸੀ।ਉਨ੍ਹਾਂ ਵੱਲੋਂ ਪੰਜ ਸਾਲਾਂ ਵਿੱਚ ਚਾਈਲਡ ਕੇਅਰ ਫੀਸ ਵਿੱਚ ਕਟੌਤੀ ਕਰਕੇ ਇਸ ਨੂੰ ਰੋਜ਼ਾਨਾ 10 ਡਾਲਰ ਕਰਨ ਲਈ ਅੱਠ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨਾਲ ਮਲਟੀ ਬਿਲੀਅਨ ਡਾਲਰ ਦੀ ਡੀਲ ਸਾਈਨ ਕੀਤੀ ਗਈ ਹੈ। ਲਿਬਰਲਾਂ ਦਾ ਕਹਿਣਾ ਹੈ ਕਿ ਉਹ ਅਰਲੀ ਲਰਨਿੰਗ ਤੇ ਚਾਈਲਡ ਕੇਅਰ ਲਈ 2022 ਦੇ ਅੰਤ ਤੱਕ ਔਸਤ ਫੀਸ ਵਿੱਚ 50 ਫੀ ਸਦੀ ਕਟੌਤੀ ਕਰਨੀ ਚਾਹੁੰਦੇ ਹਨ। ਇਸ ਪਲੈਨ ਵਿੱਚ ਇੰਡੀਜੀਨਸ ਅਰਲੀ ਲਰਨਿੰਗ ਤੇ ਚਾਈਲਡ ਕੇਅਰ ਲਈ ਵੀ 2·5 ਬਿਲੀਅਨ ਡਾਲਰ ਰਾਖਵੇਂ ਰੱਖੇ ਗਏ ਹਨ।
ਕੰਜ਼ਰਵੇਟਿਵਾਂ ਵੱਲੋਂ ਲਿਬਰਲਾਂ ਦੇ ਪਲੈਨ ਨੂੰ ਰੱਦ ਕਰਕੇ ਪ੍ਰੋਵਿੰਸ ਤੇ ਟੈਰੇਟਰੀਜ਼ ਨੂੰ ਪਹਿਲਾਂ ਤੋਂ ਹੀ ਭੁਗਤਾਨ ਕੀਤੇ ਜਾ ਚੁੱਕੇ ਫੰਡਾਂ ਤਹਿਤ ਡੀਲ ਕਰਨ ਨੂੰ ਤਰਜੀਹ ਦਿੱਤੀ ਜਾਵੇਗੀ। ਟੋਰੀਜ਼ ਦੇ ਪਲੈਨ ਤਹਿਤ ਮੌਜੂਦਾ ਚਾਈਲਡ ਕੇਅਰ ਖਰਚਿਆਂ ਵਿੱਚ ਕਟੌਤੀ ਕਰਕੇ ਰਿਫੰਡੇਬਲ ਟੈਕਸ ਕ੍ਰੈਡਿਟ ਕਾਇਮ ਕੀਤਾ ਜਾਵੇਗਾ ਤੇ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਚਾਈਲਡ ਕੇਅਰ ਉੱਤੇ 75 ਫੀ ਸਦੀ ਤੱਕ ਛੋਟ ਦਿੱਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ 30,000 ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਸਾਲ ਦੇ 6000 ਡਾਲਰ ਜਦਕਿ 50,000 ਡਾਲਰ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ 5,200 ਡਾਲਰ ਹਾਸਲ ਹੋਣਗੇ।
ਐਨਡੀਪੀ ਵੀ 10 ਡਾਲਰ ਪ੍ਰਤੀ ਦਿਨ ਵਾਲੇ ਚਾਈਲਡ ਕੇਅਰ ਪ੍ਰੋਗਰਾਮ ਦੇ ਹੱਕ ਵਿੱਚ ਹੈ। ਪਾਰਟੀ ਵੱਲੋਂ ਵੀ ਦੇਸ਼ ਭਰ ਵਿੱਚ ਚਾਈਲਡ ਕੇਅਰ ਲਈ ਕੁੱਝ ਹੋਰ ਕਰਨ ਵਾਸਤੇ ਫੰਡਿੰਗ ਕਰਨ ਦਾ ਕਰਾਰ ਕੀਤਾ ਜਾ ਰਿਹਾ ਹੈ।ਐਨਡੀਪੀ ਅਜਿਹਾ ਇਸ ਲਈ ਕਰ ਰਹੀ ਹੈ ਤਾਂ ਕਿ ਪਰਿਵਾਰਾਂ ਨੂੰ ਵੇਟ ਲਿਸਟਸ ਵਿੱਚ ਕਈ ਮਹੀਨੇ ਨਾ ਗੁਜ਼ਾਰਨੇ ਪੈਣ ਤੇ ਚਾਈਲਡ ਕੇਅਰ ਵਰਕਰਜ਼ ਨੂੰ ਵੀ ਜਾਇਜ਼ ਭੱਤੇ ਮਿਲਦੇ ਰਹਿਣ।ਐਨਡੀਪੀ ਨੇ ਅਜੇ ਇਸ ਸਬੰਧ ਵਿੱਚ ਕੋਈ ਪਲੈਨ ਪੇਸ਼ ਨਹੀਂ ਕੀਤਾ ਹੈ ਜਿਸ ਤੋਂ ਪਤਾ ਲੱਗ ਸਕੇ ਕਿ ਇਹ ਸਭ ਕਿਵੇਂ ਕੰਮ ਕਰੇਗਾ।
ਬਲਾਕ ਕਿਊਬਿਕੁਆ ਵੱਲੋਂ ਮੌਜੂਦਾ ਚਾਈਲਡ ਕੇਅਰ ਪ੍ਰੋਗਰਾਮ ਉੱਤੇ ਚਿੰਤਾ ਪ੍ਰਗਟਾਉਂਦਿਆਂ ਇਹ ਸਵਾਲ ਉਠਾਇਆ ਹੈ ਕਿ ਓਟਵਾ ਪ੍ਰੋਵਿੰਸਾਂ ਨੂੰ ਇਸ ਮਾਮਲੇ ਵਿੱਚ ਕਿਸ ਤਰ੍ਹਾਂ ਹੁਕਮ ਜਾਰੀ ਕਰ ਸਕਦਾ ਹੈ। ਉਨ੍ਹਾਂ ਇਸ ਸਬੰਧ ਵਿੱਚ ਕਿਊਬਿਕ ਨੂੰ ਬਿਨਾਂ ਕਿਸੇ ਸ਼ਰਤ ਦੇ ਫੰਡ ਟਰਾਂਸਫਰ ਕਰਨ ਦੀ ਮੰਗ ਕੀਤੀ।
ਇਸ ਦੌਰਾਨ ਗ੍ਰੀਨ ਪਾਰਟੀ ਨੇ ਯੂਨੀਵਰਸਲ ਤੇ ਕਿਫਾਇਤੀ ਅਰਲੀ ਲਰਨਿੰਗ ਤੇ ਚਾਈਲਡ ਕੇਅਰ ਸਿਸਟਮ ਕਾਇਮ ਕਰਨ ਦਾ ਤਹੱਈਆ ਪ੍ਰਗਟਾਇਆ। ਪਰ ਪਾਰਟੀ ਵੱਲੋਂ ਇਸ ਉੱਤੇ ਕਿੰਨਾਂ ਖਰਚਾ ਕੀਤਾ ਜਾਵੇਗਾ ਇਸ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਗਿਆ ਹੈ। ਪਾਰਟੀ ਨੇ ਇਹ ਵੀ ਆਖਿਆ ਹੈ ਕਿ ਉਹ ਪੇਰੈਂਟਲ ਲੀਵ ਨੂੰ ਹੋਰ ਸੁਖਾਲਾ ਬਣਾਵੇਗੀ ਤੇ ਇਸ ਲਈ ਬਿਹਤਰ ਅਦਾਇਗੀ ਵੀ ਯਕੀਨੀ ਬਣਾਵੇਗੀ। ਇਸ ਤੋਂ ਇਲਾਵਾ ਇਹ ਛੁੱਟੀ ਉਨ੍ਹਾਂ ਨੂੰ ਵੀ ਦਿੱਤੀ ਜਾਵੇਗੀ ਜਿਨ੍ਹਾ ਦਾ ਮਿਸਕੈਰੇਜ ਹੋਇਆ ਹੋਵੇ ਜਾਂ ਫਿਰ ਜਿਨ੍ਹਾਂ ਨੂੰ ਪਰਿਵਾਰ ਦੇ ਕਿਸੇ ਬਜ਼ੁਰਗ ਦੀ ਸਾਂਭ ਸੰਭਾਂਲ ਕਰਨੀ ਹੋਵੇਗੀ।
ਪੀਪਲਜ਼ ਪਾਰਟੀ ਦੇ ਪਲੇਟਫਾਰਮ ਵਿੱਚ ਚਾਈਲਡ ਕੇਅਰ ਦਾ ਕੋਈ ਜਿ਼ਕਰ ਨਹੀਂ ਕੀਤਾ ਗਿਆ ਹੈ।

Leave a Reply

Your email address will not be published. Required fields are marked *