ਕੈਨੇਡਾ ਟਰੂਡੋ ਉੱਤੇ ਬੱਜਰੀ ਸੁੱਟਣ ਦੇ ਮਾਮਲੇ ਦੀ ਪੁਲਿਸ ਕਰ ਰਹੀ ਹੈ ਜਾਂਚ

ਓਟਵਾ: ਸੋਮਵਾਰ ਨੂੰ ਲਿਬਰਲ ਆਗੂ ਜਸਟਿਨ ਟਰੂਡੋ ਦੀ ਕੈਂਪੇਨ ਦੌਰਾਨ ਉਨ੍ਹਾਂ ਉੱਤੇ ਬੱਜਰੀ ਸੁੱਟੇ ਜਾਣ ਦੇ ਮਾਮਲੇ ਦੀ ਲੰਡਨ, ਓਨਟਾਰੀਓ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਦੱਖਣਪੱਛਮੀ ਓਨਟਾਰੀਓ ਸਿਟੀ ਵਿੱਚ ਪੁਲਿਸ ਸਰਵਿਸ ਦੇ ਬੁਲਾਰੇ ਨੇ ਦੱਸਿਆ ਕਿ ਉਹ ਇਸ ਘਟਨਾ ਦੇ ਸਬੰਧ ਵਿੱਚ ਜਨਤਾ ਤੋਂ ਜਾਣਕਾਰੀ ਇੱਕਠੀ ਕਰ ਰਹੇ ਹਨ। ਮੰਗਲਵਾਰ ਨੂੰ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਬੱਜਰੀ ਵੱਜੀ ਜ਼ਰੂਰ ਪਰ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਉਨ੍ਹਾਂ ਇਹ ਵੀ ਆਖਿਆ ਕਿ ਇਸ ਸਬੰਧ ਵਿੱਚ ਕੀ ਕਾਰਵਾਈ ਕਰਨੀ ਚਾਹੀਦੀ ਹੈ ਇਹ ਉਹ ਪੁਲਿਸ ਉੱਤੇ ਛੱਡਦੇ ਹਨ।
ਇਸ ਘਟਨਾ ਦੌਰਾਨ ਨਿੱਕੇ ਪੱਥਰ ਨਾ ਸਿਰਫ ਟਰੂਡੋ ਨੂੰ ਹੀ ਵੱਜੇ ਸਗੋਂ ਈਵੈਂਟ ਨੂੰ ਕਵਰ ਕਰ ਰਹੇ ਪੱਤਰਕਾਰਾਂ ਦੇ ਨਾਲ ਨਾਲ ਟਰੂਡੋ ਦੀ ਹਿਫਾਜ਼ਤ ਵਿੱਚ ਤਾਇਨਾਤ ਆਰਸੀਐਮਪੀ ਮੈਂਬਰਾਂ ਨੂੰ ਵੀ ਵੱਜੇ। ਟਰੂਡੋ ਨੇ ਮਾਂਟਰੀਅਲ ਵਿੱਚ ਇੱਕ ਈਵੈਂਟ ਦੌਰਾਨ ਆਖਿਆ ਕਿ ਇਸ ਤਰ੍ਹਾਂ ਦੀ ਹਰਕਤ ਸਵੀਕਾਰੀ ਨਹੀਂ ਜਾ ਸਕਦੀ ਕਿ ਲੋਕ ਸਿਆਸੀ ਰੈਲੀ ਦੌਰਾਨ ਚੀਜ਼ਾਂ ਸੁੱਟਣ ਤੇ ਹੋਰਨਾਂ ਨੂੰ ਖਤਰੇ ਵਿੱਚ ਪਾਉਣ।
ਇਸ ਦੌਰਾਨ ਟੋਰਾਂਟੋ ਵਿੱਚ ਚੋਣ ਪ੍ਰਚਾਰ ਕਰ ਰਹੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਇਸ ਤਰ੍ਹਾਂ ਦਾ ਵਿਵਹਾਰ ਸਹੀ ਨਹੀਂ ਹੈ ਤੇ ਇਹ ਕਿਸੇ ਦੀ ਵੀ ਬਰਦਾਸ਼ਤ ਤੋਂ ਬਾਹਰ ਹੋਵੇਗਾ। ਉਨ੍ਹਾਂ ਆਖਿਆ ਕਿ ਜਦੋਂ ਕੋਈ ਕਿਸੇ ਉੱਤੇ ਪੱਥਰ ਸੁੱਟਦਾ ਹੈ ਤਾਂ ਉਸ ਦਾ ਇਰਾਦਾ ਦੂਜੇ ਨੂੰ ਨੁਕਸਾਨ ਪਹੁੰਚਾਉਣਾ ਹੁੰਦਾ ਹੈ ਤੇ ਇਹ ਗਲਤ ਹੈ। ਹੋਰਨਾਂ ਆਗੂਆਂ ਵੱਲੋਂ ਵੀ ਇਸ ਤਰ੍ਹਾਂ ਦੀ ਘਟਨਾ ਦੀ ਨਿਖੇਧੀ ਕੀਤੀ ਗਈ।

Leave a Reply

Your email address will not be published.