ਸ਼ਾਹੀ ਦਾਅਵਤ ਦੇ ਕੇ ਅਮਰਿੰਦਰ ਨੇ ਜਿੱਤੇ ਤਗਮਾ ਜੇਤੂਆਂ ਦੇ ਦਿਲ

ਚੰਡੀਗੜ੍ਹ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਖਾਨਸਾਮੇ ਵਜੋਂ ਪਕਵਾਨ ਤਿਆਰ ਕਰਕੇ ਅੱਜ ਓਲੰਪੀਅਨ ਖਿਡਾਰੀਆਂ ਦੇ ਦਿਲ ਜਿੱਤ ਲਏ। ਅਮਰਿੰਦਰ ਦੀ ਮੇਜ਼ਬਾਨੀ ਨੇ ਇਨ੍ਹਾਂ ਖਿਡਾਰੀਆਂ ਦੇ ਪਲਾਂ ਨੂੰ ਆਨੰਦਮਈ ਬਣਾ ਦਿੱਤਾ। ਜਦੋਂ ਮੁੱਖ ਮੰਤਰੀ ਨੇ ਖੁਦ ਅਲੱਗ ਅਲੱਗ ਵੰਨਗੀ ਦਾ ਖਾਣਾ ਹੱਥੀਂ ਪਰੋਸਿਆ ਤਾਂ ਇਹ ਖਿਡਾਰੀ ਅਮਰਿੰਦਰ ਦੇ ਵਡੱਪਣ ਤੋਂ ਕੀਲੇ ਗਏ। ਮੁੱਖ ਮੰਤਰੀ ਅਮਰਿੰਦਰ ਨੇ ਆਪਣੇ ਸਿਸਵਾਂ ਫਾਰਮ ਹਾਊਸ ’ਤੇ ਕਰੀਬ ਛੇ ਘੰਟੇ ਲਗਾ ਕੇ ਖੁਦ ਇਨ੍ਹਾਂ ਖਿਡਾਰੀਆਂ ਲਈ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਓਲੰਪੀਅਨ ਖਿਡਾਰੀਆਂ ਨੂੰ ਅੱਜ ਆਪਣੇ ਫਾਰਮ ਹਾਊਸ ’ਤੇ ਦਾਅਵਤ ਦਿੱਤੀ। ਮੁੱਖ ਮੰਤਰੀ ਦੀ ਮੇਜ਼ਬਾਨੀ ਨੇ ਇਨ੍ਹਾਂ ਖਿਡਾਰੀਆਂ ਲਈ ਇਹ ਪਲ ਅਹਿਮ ਬਣਾ ਦਿੱਤੇ। ਕਈ ਖਿਡਾਰੀਆਂ ਦੀ ਟਿੱਪਣੀ ਸੀ, ‘ਅਸੀਂ ਤਗਮੇ ਜਿੱਤੇ, ਮੁੱਖ ਮੰਤਰੀ ਨੇ ਦਿਲ ਜਿੱਤ ਲਏ’। ਮੁੱਖ ਮੰਤਰੀ ਵੱਲੋਂ ਸੂਬੇ ਦੇ ਓਲੰਪੀਅਨਾਂ ਅਤੇ ਨੇਜ਼ਾ ਸੁਟਾਵੇ ਨੀਰਜ ਚੋਪੜਾ ਨਾਲ ਵਾਅਦਾ ਕੀਤਾ ਸੀ ਜਿਸ ਨੂੰ ਅੱਜ ਦਾਅਵਤ ਦੇ ਕੇ ਸਾਕਾਰ ਕੀਤਾ ਗਿਆ। ਮੁੱਖ ਮੰਤਰੀ ਦੇ ਫਾਰਮ ਹਾਊਸ ਦਾ ਲਾਅਨ ’ਚ ਸਭ ਖੁਸ਼ੀ ’ਚ ਖੀਵੇ ਸਨ।

ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ (ਡੀ.ਐਸ.ਪੀ. ਪੰਜਾਬ ਪੁਲਿਸ) ਨੇ ਟਿੱਪਣੀ ਕੀਤੀ ਕਿ ‘ਮਹਾਰਜੇ ਦਾ ਖਾਣਾ ਉਮੀਦਾਂ ਤੋਂ ਕਿਤੇ ਵੱਧ ਸੁਆਦਲਾ ਸੀ।’ ਡਿਸਕਸ ਥਰੋਅਰ ਕਮਲਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਖਾਣੇ ਬਣਾਉਣ ਅਤੇ ਪ੍ਰਾਹੁਣਚਾਰੀ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਨੀਰਜ ਚੋਪੜਾ ਨੇ ਕਿਹਾ, “ਇਹ ਸ਼ਾਨਦਾਰ ਭੋਜਨ ਸੀ।“ਮੁੱਖ ਮੰਤਰੀ ਨੇ ਇਸ ਮੌਕੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ 11 ਵਜੇ ਖਾਣਾ ਤਿਆਰ ਕਰਨਾ ਸ਼ੁਰੂ ਕੀਤਾ ਸੀ ਅਤੇ ਜ਼ਿਆਦਾਤਰ ਕੰਮ ਸ਼ਾਮ 5 ਵਜੇ ਦੇ ਕਰੀਬ ਨਿਪਟ ਗਿਆ ਸੀ। ਉਸ ਤੋਂ ਬਾਅਦ ਅੰਤਿਮ ਛੋਹਾਂ ਦੇਣ ਦਾ ਸਮਾਂ ਸੀ। ਉਨ੍ਹਾਂ ਦੀ ਇਹ ਕੋਸ਼ਿਸ਼ ਖਿਡਾਰੀਆਂ ਦੇ ਮੁਕਾਬਲੇ ਕੁਝ ਵੀ ਨਹੀਂ। ਉਨ੍ਹਾਂ ਹਰ ਮਹਿਮਾਨ ਦਾ ਪਹਿਲਾਂ ਸਵਾਗਤ ਕੀਤਾ। ਮੁੱਖ ਮੰਤਰੀ ਨੇ ਮਗਰੋਂ ਸਿੱਧਾ ਪਤੀਲਿਆਂ ਚੋਂ ਹਰ ਖਿਡਾਰੀ ਦੀ ਪਸੰਦ ਮੁਤਾਬਿਕ ਖਾਣਾ ਪਰੋਸਿਆ। ਉਨ੍ਹਾਂ ਭੋਜਨ ਬਾਰੇ ਆਪਣੇ ਗਿਆਨ ਅਤੇ ਖਾਣਾ ਪਕਾਉਣ ਦੇ ਤਜਰਬੇ ਵੀ ਸਾਂਝੇ ਕੀਤੇ। ਅਮਰਿੰਦਰ ਦੇ ਸ਼ਾਹੀ ਖਾਣੇ ’ਚ ਹਰ ਵੰਨਗੀ ਦਾ ਖਾਣਾ ਸੀ ਜਿਸ ਵਿਚ ਮਟਨ ਪਿਸ਼ੌਰੀ, ਲੌਂਗ ਇਲਾਇਚੀ ਚਿਕਨ, ਆਲੂ ਕੋਰਮਾ, ਦਾਲ ਮਸਰੀ, ਮੁਰਗ ਕੋਰਮਾ, ਦੁਗਾਨੀ ਬਰਿਆਨੀ ਅਤੇ ਜ਼ਰਦਾ ਚਾਵਲ (ਮਿੱਠੀ ਡਿਸ਼) ਸ਼ਾਮਲ ਹਨ। ਸ਼ਾਮ ਦੇ ਇਸ ਪ੍ਰੋਗਰਾਮ ਦੌਰਾਨ ਵਿਸ਼ੇਸ਼ ਮਹਿਮਾਨਾਂ ਵਿੱਚ ਜੈਵਲਿਨ ਥ੍ਰੋਅਰ ਗੋਲਡ ਮੈਡਲਿਸਟ ਨੀਰਜ ਚੋਪੜਾ ਤੋਂ ਇਲਾਵਾ ਓਲੰਪਿਕ ਕਾਂਸੀ ਤਮਗਾ ਜੇਤੂ ਹਾਕੀ ਖਿਡਾਰੀ ਮਨਪ੍ਰੀਤ ਸਿੰਘ (ਕਪਤਾਨ), ਹਰਮਨਪ੍ਰੀਤ ਸਿੰਘ (ਉਪ ਕਪਤਾਨ), ਮਨਦੀਪ ਸਿੰਘ, ਹਾਰਦਿਕ ਸਿੰਘ, ਰੁਪਿੰਦਰਪਾਲ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਵਰੁਣ ਕੁਮਾਰ ਅਤੇ ਸਿਮਰਨਜੀਤ ਸਿੰਘ ਸ਼ਾਮਲ ਸਨ।

Leave a Reply

Your email address will not be published.