ਕਣਕ ਦੇ ਭਾਅ ’ਚ 40 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ

ਨਵੀਂ ਦਿੱਲੀ

ਸਰਕਾਰ ਨੇ ਮੌਜੂਦਾ ਵਿੱਤੀ ਵਰ੍ਹੇ 2021-22 ਲਈ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) 40 ਰੁਪਏ ਵਧਾ ਕੇ 2015 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਰ੍ਹੋਂ ਦਾ ਐੱਮਐੱਸਪੀ 400 ਰੁਪਏ ਵਧਾ ਕੇ 5050 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ। ਸਰਕਾਰ ਦੀ ਇਸ ਪਹਿਲ ਦਾ ਉਦੇਸ਼ ਇਨ੍ਹਾਂ ਫ਼ਸਲਾਂ ਦੇ ਖੇਤੀ ਰਕਬੇ ਦੇ ਨਾਲ ਨਾਲ ਕਿਸਾਨਾਂ ਦੀ ਆਮਦਨ ਨੂੰ ਵਧਾਉਣਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਬੈਠਕ ’ਚ ਇਸ ਬਾਰੇ ਫ਼ੈਸਲਾ ਲਿਆ ਗਿਆ। ਮੌਜੂਦਾ ਸਮੇਂ ’ਚ ਸਰਕਾਰ ਹਾੜੀ ਅਤੇ ਸਾਉਣੀ ’ਚ ਬੀਜੀਆਂ ਜਾਣ ਵਾਲੀਆਂ 23 ਫ਼ਸਲਾਂ ਲਈ ਐੱਮਐੱਸਪੀ ਤੈਅ ਕਰਦੀ ਹੈ। ਇਕ ਸਰਕਾਰੀ ਬਿਆਨ ਮੁਤਾਬਕ ਕੈਬਨਿਟ ਕਮੇਟੀ ਨੇ ਫ਼ਸਲੀ ਵਰ੍ਹੇ 2021-22 (ਜੁਲਾਈ-ਜੂਨ) ਅਤੇ 2022-23 ਦੇ ਮਾਰਕੀਟਿੰਗ ਸੀਜ਼ਨ ਲਈ ਹਾੜੀ ਦੀਆਂ ਛੇ ਫ਼ਸਲਾਂ ਲਈ ਐੱਮਐੱਸਪੀ ’ਚ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਕਣਕ ਦਾ ਐੱਮਐੱਸਪੀ 2020-21 ’ਚ 1975 ਰੁਪਏ ਪ੍ਰਤੀ ਕੁਇੰਟਲ ਸੀ।  ਬਿਆਨ ’ਚ ਕਿਹਾ ਗਿਆ ਹੈ ਕਿ ਕਣਕ ਦੀ ਉਤਪਾਦਨ ਲਾਗਤ 1008 ਰੁਪਏ ਪ੍ਰਤੀ ਕੁਇੰਟਲ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ। ਅੰਕੜਿਆਂ ਮੁਤਾਬਕ ਸਰਕਾਰ ਨੇ ਹਾੜੀ ਦੇ ਸੀਜ਼ਨ 2021-22 ਦੌਰਾਨ 4.3 ਕਰੋੜ ਟਨ ਤੋਂ ਵੱਧ ਰਿਕਾਰਡ ਕਣਕ ਦੀ ਖ਼ਰੀਦ ਕੀਤੀ ਹੈ। ਜੌਂ ਦਾ ਸਮਰਥਨ ਮੁੱਲ 35 ਰੁਪਏ ਵਧਾ ਕੇ 1635 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ ਜੋ ਪਿਛਲੇ ਵਰ੍ਹੇ 1600 ਰੁਪਏ ਪ੍ਰਤੀ ਕੁਇੰਟਲ ਸੀ। ਦਾਲਾਂ ’ਚੋਂ ਛੋਲਿਆਂ ਦਾ ਐੱਮਐੱਸਪੀ ਪਹਿਲਾਂ ਦੇ 5100 ਰੁਪਏ ਤੋਂ 130 ਰੁਪਏ ਵਧਾ ਕੇ 5230 ਰੁਪਏ ਜਦਕਿ ਮਸਰਾਂ ਲਈ ਐੱਮਐੱਸਪੀ 400 ਰੁਪਏ ਵਧਾ ਕੇ 5500 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਤੇਲ ਬੀਜਾਂ ਦੇ ਮਾਮਲੇ ’ਚ ਸਰਕਾਰ ਨੇ ਸਰ੍ਹੋਂ ਦਾ ਐੱਮਐੱਸਪੀ 400 ਰੁਪਏ ਤੋਂ ਵਧਾ ਕੇ 5050 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਸੂਰਜਮੁਖੀ ਦਾ ਭਾਅ 114 ਰੁਪਏ ਵਧਾਇਆ ਗਿਆ ਹੈ ਜੋ ਹੁਣ 5441 ਰੁਪਏ ਹੋ ਗਿਆ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਸਰਕਾਰ ਨੇ ਹਾੜੀ ਦੀਆਂ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ’ਚ ਵਾਧਾ ਕੀਤਾ ਹੈ ਤਾਂ ਜੋ ਕਾਸ਼ਤਕਾਰਾਂ ਨੂੰ ਉਨ੍ਹਾਂ ਦੀ ਫ਼ਸਲ ਲਈ ਲਾਭਕਾਰੀ ਮੁੱਲ ਯਕੀਨੀ ਬਣਾਇਆ ਜਾ ਸਕੇ। ਸਰਕਾਰ ਨੇ ਕਿਹਾ ਕਿ ਐੱਮਐੱਸਪੀ ’ਚ ਵਾਧਾ ਕੇਂਦਰੀ ਬਜਟ ਦੇ ਐਲਾਨਾਂ ਮੁਤਾਬਕ ਹੀ ਹੈ ਜਿਸ ’ਚ ਉਤਪਾਦਨ ਦੀ ਔਸਤ ਲਾਗਤ ਦੇ ਘੱਟ ਘੱਟ ਡੇਢ ਗੁਣਾ ਦੇ ਪੱਧਰ ’ਤੇ ਐੱਮਐੱਸਪੀ ਤੈਅ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਦਾ ਉਦੇਸ਼ ਕਿਸਾਨਾਂ ਲਈ ਢੁੱਕਵਾਂ ਲਾਭ ਯਕੀਨੀ ਬਣਾਉਣਾ ਹੈ। ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਨ ਲਾਗਤ ’ਤੇ ਕਣਕ ਅਤੇ ਸਰ੍ਹੋਂ (ਹਰੇਕ ’ਚ 100 ਫ਼ੀਸਦੀ) ਦੇ ਮਾਮਲੇ ’ਚ ਸਭ ਤੋਂ ਵੱਧ ਲਾਭ ਹੋਣ ਦਾ ਅੰਦਾਜ਼ਾ ਹੈ। ਇਸ ਤੋਂ ਬਾਅਦ ਮਸਰ (79 ਫ਼ੀਸਦ), ਛੋਲੇ (74 ਫ਼ੀਸਦ), ਜੌਂ (60 ਫ਼ੀਸਦ) ਅਤੇ ਸੂਰਜਮੁਖੀ (50 ਫ਼ੀਸਦ) ਦਾ ਨੰਬਰ ਆਉਂਦਾ ਹੈ।

Leave a Reply

Your email address will not be published. Required fields are marked *