ਟੋਰਾਂਟੋ ਦੇ ਹਸਪਤਾਲ ਸਕੂਲਾਂ ਤੇ ਚਾਈਲਡ ਕੇਅਰ ਸੈਂਟਰਜ਼ ਨੂੰ ਭੇਜਣਗੇ 1200 ਹੋਮ ਕੋਵਿਡ-19 ਟੈਸਟਿੰਗ ਕਿੱਟਸ

ਟੋਰਾਂਟੋ : ਇਸ ਸਕੂਲ ਵਰ੍ਹੇ ਟੋਰਾਂਟੋ ਦੇ ਬਹੁਤ ਸਾਰੇ ਵਿਦਿਆਰਥੀ ਹੁਣ ਘਰ ਵਿੱਚ ਹੀ ਕੋਵਿਡ-19 ਟੈਸਟ ਕਰ ਸਕਣਗੇ। ਟੋਰਾਂਟੋ ਦੇ ਹਸਪਤਾਲਾਂ ਵੱਲੋਂ 1200 ਹੋਮ ਕੋਵਿਡ-19 ਟੈਸਟਿੰਗ ਕਿੱਟਸ ਸਕੂਲਾਂ ਤੇ ਚਾਈਲਡ ਕੇਅਰ ਸੈਂਟਰਜ਼ ਉੱਤੇ ਭੇਜੀਆਂ ਜਾ ਰਹੀਆਂ ਹਨ।
ਇਹ ਕਿੱਟਸ ਇਸ ਆਸ ਨਾਲ ਭੇਜੀਆਂ ਜਾ ਰਹੀਆਂ ਹਨ ਕਿ ਪਰਿਵਾਰ ਤੇ ਸਕੂਲ ਜਲਦ ਕੋਵਿਡ-19 ਟੈਸਟ ਕਰ ਸਕਣ ਤੇ ਵਿਦਿਆਰਥੀਆਂ ਨੂੰ ਸਕੂਲਾਂ ਤੋਂ ਛੁੱਟੀ ਨਾ ਲੈਣੀ ਪਵੇ ਤੇ ਉਨ੍ਹਾਂ ਦੀ ਪੜ੍ਹਾਈ ਦਾ ਹੋਰ ਹਰਜਾ ਨਾ ਹੋਵੇ।ਮਾਈਕਲ ਗੈਰਨ ਹਸਪਤਾਲ ਵਿਖੇ ਇਨਫੈਕਸ਼ੀਅਸ ਡਜ਼ੀਜ਼ ਫਿਜ਼ੀਸ਼ੀਅਨ ਡਾਂ· ਜੇਨੀਨ ਮੈਕਰੈਡੀ ਨੇ ਆਖਿਆ ਕਿ ਇਸ ਦਾ ਫਾਇਦਾ ਇਹ ਹੈ ਕਿ ਅਕਸਰ ਬੱਚੇ ਆਪ ਵੀ ਇਹ ਟੈਸਟ ਕਰ ਸਕਦੇ ਹਨ।
ਇਹ ਟੈਸਟ ਕਰਨ ਲਈ ਵਿਦਿਆਰਥੀਆਂ ਜਾਂ ਕੇਅਰ ਗਿਵਰਜ਼ ਨੂੰ ਜੀਭ ਤੋਂ ਸਵੈਬ ਲੈਣ ਦੇ ਨਾਲ ਨਾਲ ਗੱਲ੍ਹਾਂ ਦੇ ਦੋਵਾਂ ਪਾਸਿਆਂ ਅਤੇ ਨੱਕ ਵਿੱਚੋਂ ਸਵੈਬ ਲੈਣਾ ਹੋਵੇਗਾ। ਹਸਪਤਾਲ ਵੱਲੋਂ ਤਿਆਰ ਕੀਤੀਆਂ ਗਈਆਂ ਇਹ ਟੈਸਟ ਕਿੱਟਸ ਈਸਟ ਐਂਡ ਕੈਚਮੈਂਟ ਏਰੀਆ ਦੇ 112 ਸਕੂਲਾਂ ਤੋਂ ਲਈਆਂ ਜਾ ਸਕਦੀਆਂ ਹਨ। ਇਨ੍ਹਾਂ ਦੀ ਵਰਤੋਂ ਉਦੋਂ ਕੀਤੀ ਜਾ ਸਕਦੀ ਹੈ ਜਦੋਂ ਬੱਚੇ ਵਿੱਚ ਲੱਛਣ ਹੋਣ ਜਾਂ ਫਿਰ ਪਾਜ਼ੀਟਿਵ ਕੇਸ ਕਾਰਨ ਬੱਚਿਆਂ ਦੇ ਇੱਕ ਸਮੂਹ ਨੂੰ ਸਕੂਲ ਆਉਣ ਤੋਂ ਮਨ੍ਹਾਂ ਕਰ ਦਿੱਤਾ ਜਾਵੇ।
ਇੱਕ ਵਾਰੀ ਟੈਸਟ ਮੁਕੰਮਲ ਹੋਣ ਤੋਂ ਬਾਅਦ ਪਰਿਵਾਰ ਇਸ ਨੂੰ ਜਾਂਚ ਲਈ ਕੋਵਿਡ-19 ਅਸੈਸਮੈਂਟ ਸੈਂਟਰ, ਜੋ ਕਿ ਮਾਈਕਲ ਗੈਰਨ ਹਸਪਤਾਲ ਜਾਂ ਹੋਰਨਾਂ ਆਊਟਰੀਚ ਸੈਂਟਰਾਂ ਉੱਤੇ ਹੈ, ਲਿਜਾ ਸਕਦੇ ਹਨ। ਨਤੀਜੇ ਆਉਣ ਵਿੱਚ 24 ਤੋਂ 72 ਘ਼ੰਟੇ ਦਾ ਸਮਾਂ ਲੱਗ ਸਕਦਾ ਹੈ।

Leave a Reply

Your email address will not be published. Required fields are marked *