ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਰਣਜੀਤ ਰਾਣੇ ਦੇ ਕਤਲ ਦੀ ਜ਼ਿੰਮੇਵਾਰੀ

ਸ੍ਰੀ ਮੁਕਤਸਰ ਸਾਹਿਬ, 23 ਅਕਤੂਬਰ

ਮੁਕਤਸਰ ਦੇ ਰਹਿਣ ਵਾਲੇ ਰਣਜੀਤ ਸਿੰਘ ਰਾਣਾ ਨੂੰ ਕਰੀਬ 15 ਗੋਲੀਆਂ ਮਾਰ ਕੇ ਕਤਲ ਕਰਨ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਨੇ ਲੈ ਲਈ ਹੈ। ਲਾਰੈਂਸ ਬਿਸ਼ਨੋਈ ਗਰੁੱਪ ਨੇ ਇੱਕ ਫੇਸਬੁੱਕ ਸੁਨੇਹੇ ਰਾਹੀਂ ਰਾਣਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਰਾਣਾ ਨੂੰ ਮਾਰ ਕੇ ਉਨ੍ਹਾਂ ਨੇ ਆਪਣੇ ਸਾਥੀ ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਲੈ ਲਿਆ ਹੈ। ਦੱਸਣਯੋਗ ਹੈ ਕਿ ਇਹ ਕਤਲ ਵੀਰਵਾਰ ਨੂੰ ਪਿੰਡ ਔਲਖ ਵਿਖੇ ਹੋਇਆ ਸੀ। ਮ੍ਰਿਤਕ ਰਾਣਾ ਦਾ ਅੱਜ ਮਲੋਟ ਵਿੱਚ ਪੋਸਟ ਮਾਰਟਮ ਕਰਨ ਤੋਂ ਬਾਅਦ ਮੁਕਤਸਰ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਰਣਜੀਤ ਸਿੰਘ ਰਾਣਾ ਆਪਣੀ ਪਤਨੀ ਨਾਲ ਸਵਿਫਟ ਕਾਰ (ਪੀਬੀ 13 ਬੀਬੀ 5589) ‘ਤੇ ਸਵਾਰ ਹੋ ਕੇ ਔਲਖ ਪਿੰਡ ਵਿਖੇ ਇਕ ਜੱਚਾ ਬੱਚਾ ਡਾਕਟਰ ਕੋਲ ਆਇਆ ਸੀ ਕਿ ਇਸ ਦੌਰਾਨ ਪਹਿਲਾਂ ਤੋਂ ਹੀ ਉਥੇ ਤਾਕ ਵਿੱਚ ਖੜ੍ਹੇ ਕਾਰ ਸਵਾਰ ਵਿਅਕਤੀਆਂ ਨੇ ਪਹਿਲਾਂ ਤਾਂ ਰਾਣਾ ਦੀ ਪਤਨੀ ਨੂੰ ਧੂਹ ਕੇ ਕਾਰ ਵਿੱਚੋਂ ਬਾਹਰ ਕੱਢ ਦਿੱਤਾ ਤੇ ਫਿਰ ਰਾਣਾ ਉਪਰ ਗੋਲੀਆਂ ਦੀ ਬੁਛਾੜ ਕਰ ਦਿੱਤੀ। ਇਸ ਮੌਕੇ ਰਾਣਾ ਕੋਲ ਵੀ ਰਿਵਾਲਵਰ ਸੀ, ਪਰ ਉਹ ਕੋਈ ਗੋਲੀ ਨਹੀਂ ਚਲਾ ਸਕਿਆ। ਐੱਸਪੀ ਰਾਜ ਹੁੰਦਲ ਨੇ ਕਿਹਾ ਕਿ ਵਾਰਦਾਤ ਦੀ ਹਰ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਣਾ ਉਪਰ ਮੁਕਤਸਰ, ਮਲੋਟ ਤੇ ਹੋਰ ਕਈ ਥਾਣਿਆਂ ਵਿੱਚ ਨਸ਼ੇ ਦੀ ਤਸਕਰੀ ਦੇ ਕਰੀਬ ਦਰਜਨ ਭਰ ਕੇਸ ਦਰਜ ਹਨ। ਰਾਣਾ ਨੂੰ ਕਰੀਬ 8 ਸਾਲ ਪਹਿਲਾਂ ਗੋਦ ਲੈਣ ਵਾਲੇ ਪਿਤਾ ਗੁਰਤੇਜ ਸਿੰਘ ਨੇ ਦੱਸਿਆ ਕਿ ਰਾਣਾ ਦੇ ਮਾਂ-ਬਾਪ ਦੀ ਮੌਤ ਹੋ ਚੁੱਕੀ ਹੈ ਅਤੇ ਉਹੀ ਉਸ ਦੇ ਮਾਪੇ ਹਨ। ਉਨ੍ਹਾਂ ਦੇ ਇੱਕੋ-ਇੱਕ ਪੁੱਤਰ ਜਿੰਮੀ, ਜੋ ਕਬੱਡੀ ਖਿਡਾਰੀ ਸੀ, ਨੂੰ ਕਰੀਬ ਚਾਰ ਸਾਲ ਪਹਿਲਾਂ ਦਬੜੀਖਾਨਾ ਕੋਲ ਕਿਸੇ ਗੈਂਗਸਟਰ ਦੇ ਭੁਲੇਖੇ ਪੁਲੀਸ ਨੇ ਮਾਰ ਦਿੱਤਾ ਸੀ। ਉਸ ਨੇ ਦੱਸਿਆ ਕਿ ਰਾਣਾ ਨੂੰ ਵੀ ਆਪਣੇ ਕਤਲ ਦਾ ਡਰ ਸੀ, ਜਿਸ ਲਈ ਉਸ ਨੇ ਹਾਈਕੋਰਟ ਤੋਂ ਸੁਰੱਖਿਆ ਮੰਗੀ ਸੀ।

Leave a Reply

Your email address will not be published. Required fields are marked *