ਮੋਗਾ ’ਚ ਕਿਸਾਨਾਂ ਨੇ ਅਡਾਨੀ ਦੇ ਗੁਦਾਮਾਂ ’ਚੋਂ ਅਨਾਜ ਭਰਨ ਆਈ ਮਾਲ ਗੱਡੀ ਪਲਾਂਟ ਅੰਦਰ ਡੱਕੀ

ਮੋਗਾ, 23 ਅਕਤੂਬਰ

ਖੇਤੀ ਕਾਨੂੰਨ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਤਹਿਤ ਕਿਸਾਨ ਜਥੇਬੰਦੀਆਂ ਨੇ ਵੀਰਵਾਰ ਤੋਂ ਕੋਲੇ ਤੇ ਖਾਦਾਂ ਆਦਿ ਦੀ ਢੋਆ ਢੁਆਈ ਲਈ ਮਾਲ ਗੱਡੀਆਂ ਚੱਲਣ ਦੀ ਇਜਾਜ਼ਤ ਦਿੱਤੀ ਸੀ। ਇਸ ਦੌਰਾਨ ਅੱਜ ਦੁਪਹਿਰੇ 2.25 ਲੱਖ ਮੀਟ੍ਰਿਕ ਟਨ ਸਮਰਥਾ ਵਾਲੇ ਅਡਾਨੀ ਦੇ ਆਧੁਨਿਕ ਗੁਦਾਮ ’ਚੋਂ ਅਨਾਜ ਭਰਨ ਆਈ ਮਾਲ ਗੱਡੀ ਕਿਸਾਨਾ ਨੇ ਪਲਾਂਟ ਅੰਦਰ ਡੱਕ ਦਿੱਤੀ। ਇਸ ਮੌਕੇ ਰੋਹ ’ਚ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਲੰਘੀ ਰਾਤ ਸਥਾਨਕ ਰੇਲਵੇ ਸਟੇਸ਼ਨ ਉੱਤੇ ਡੇਰੇ ਲਾਈ ਬੈਠੇ ਕਿਸਾਨਾਂ ਦਾ ਬਿਜਲੀ ਪਾਣੀ ਬੰਦ ਕਰਨ ਵਾਲੇ ਰੇਲਵੇ ਮੁਲਾਜ਼ਮ ਨੂੰ ਕਿਸਾਨ ਰੋਹ ਦਾ ਸਾਹਮਣਾ ਕਰਨਾ ਪਿਆ। ਗੱਲ ਵਧਦੀ ਵੇਖ ਪੁਲੀਸ ਨੂੰ ਦਖਲ ਦੇਣਾ ਪਿਆ।

ਬੀਕੇਯੂ ਏਕਤਾ ਉਗਰਾਹਾਂ ਜਥੇਬੰਦੀ ਦੀ ਅਗਵਾਈ ਹੇਠ ਇਥੇ ਅਡਾਨੀ ਅਨਾਜ ਭੰਡਾਰ ਅੱਗੇ 23ਵੇਂ ਦਿਨ ਪੱਕੇ ਧਰਨੇ ਦੌਰਾਨ ਮਾਲ ਰੇਲ ਗੱਡੀ ਅਡਾਨੀ ਪਲਾਂਟ ਅੰਦਰ ਦਾਖਲ ਹੋਈ ਤਾਂ ਕਿਸਾਨ ਹਰਕਤ ਵਿੱਚ ਆ ਗਏ। ਸੂਚਨਾ ਮਿਲਦੇ ਹੀ ਜ਼ਿਲ੍ਹੇ ’ਚ ਹੋਰਨਾਂ ਥਾਵਾਂ ਉੱਤੇ ਧਰਨੇ ਲਾਈ ਬੈਠੇ ਕਿਸਾਨ ਆਗੂ ਵੀ ਮੌਕੇ ਉੱਤੇ ਪਹੁੰਚ ਗਏ। ਕਿਸਾਨਾਂ ਨੇ ਅਡਾਨੀ ਪਲਾਂਟ ਦਾ ਗੇਟ ਬੰਦ ਕਰਕੇ ਮਾਲ ਗੱਡੀ ਅੰਦਰ ਡੱਕ ਲਈ। ਇਸ ਦੌਰਾਨ ਸਥਾਨਕ ਸਿਵਲ ਤੇ ਪੁਲੀਸ ਅਧਿਕਾਰੀ ਮੌਕੇ ਉੱਤੇ ਪੁੱਜੇ ਅਤੇ ਅਡਾਨੀ ਪਲਾਂਟ ਪ੍ਰਬੰਧਕਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਇਥੋਂ ਅਨਾਜ ਲੋਡ ਨਹੀਂ ਕੀਤਾ ਜਾਵੇਗਾ। ਇਸ ਮਗਰੋਂ ਕਿਸਾਨਾਂ ਨੇ ਸਿਰਫ਼ ਰੇਲ ਇੰਜਣ ਜਾਣ ਦਿੱਤਾ ਅਤੇ ਡੱਬੇ ਪਲਾਂਟ ਅੰਦਰ ਡੱਕ ਕੇ ਗੇੇਟ ਬੰਦ ਕਰ ਦਿੱਤਾ। ਇਸ ਮੌਕੇ ਜਥੇਬੰਦੀ ਆਗੂ ਬਲੌਰ ਸਿੰਘ ਘਾਲੀ ਨੇ ਕਿਹਾ ਕਿ ਜਥੇਬੰਦੀਆਂ ਦੇ ਸਾਂਝੇ ਫੈਸਲੇ ਮੁਤਾਬਕ ਮਾਲ ਭਾੜਾ ਗੱਡੀਆਂ ਸਿਰਫ਼ ਸਿਰਫ਼ ਕੋਲਾ ਆਦਿ ਢੋਆ ਢੁਆਈ ਕਰ ਸਕਦੀਆਂ ਹਨ ਅਤੇ ਕਾਰਪੋਰੇਟ ਘਰਾਣਿਆਂ ਅੰਦਰੋਂ ਮਾਲ ਗੱਡੀਆਂ ਲੋਡ ਨਹੀਂ ਕਰਨ ਦਿੱਤੀਆਂ ਜਾਣਗੀਆਂ।

ਉਧਰ ਲੰਘੀ ਰਾਤ ਸਥਾਨਕ ਰੇਲਵੇ ਸਟੇਸ਼ਨ ਉੱਤੇ ਇੱਕ ਰੇਲਵੇ ਮੁਲਾਜ਼ਮ ਨੇ ਕਿਸਾਨਾਂ ਦੀ ਬਿਜਲੀ ਪਾਣੀ ਬੰਦ ਕਰ ਦਿੱਤੀ ਤਾਂ ਪੁਲੀਸ ਨੂੰ ਦਖਲ ਦੇਣਾ ਪਿਆ ਅਤੇ ਮੁਲਾਜ਼ਮ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਰਾਤ ਵੇਲੇ ਇਸ ਸਰਕਾਰੀ ਮੁਲਾਜ਼ਮ ਨੇ ਰੇਲਵੇ ਸਟੇਸ਼ਨ ਉੱਤੇ ਧਰਨਾ ਲਾਈ ਬੈਠੇ ਕਿਸਾਨਾਂ ਦਾ ਕਥਿਤ ਤੌਰ ਉੱਤੇ ਬਿਜਲੀ ਪਾਣੀ ਬੰਦ ਕਰ ਦਿੱਤਾ ਸੀ। ਰਾਤ ਨੂੰ ਹੀ ਕਿਸਾਨਾਂ ਨੇ ਇਸ ਮੁਲਾਜ਼ਮ ਦੇ ਡਿਉਟੀ ਰੂਮ ਅੱਗੇ ਜਾ ਕੇ ਨਾਅਰੇਬਾਜ਼ੀ ਕੀਤੀ ਅਤੇ ਜੀਆਰਪੀ ਪੁਲੀਸ ਦੇ ਦਖ਼ਲ ਮਗਰੋਂ ਕਿਸਾਨ ਸ਼ਾਂਤ ਹੋਏ।

Leave a Reply

Your email address will not be published. Required fields are marked *