ਉਗਰਾਹਾਂ ਧੜੇ ਵੱਲੋਂ ਨਿੱਜੀ ਥਰਮਲਾਂ ਦੀ ਕੋਲਾ ਸਪਲਾਈ ਰੋਕਣ ਲਈ ਰੇਲ ਲਾਈਨਾਂ ’ਤੇ ਧਰਨੇ ਲਾਉਣ ਦਾ ਫੈਸਲਾ

ਬਠਿੰਡਾ, 23 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਜਾਰੀ ਕਿਸਾਨ ਮੋਰਚੇ ਸਬੰਧੀ ਆਪਣੇ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਯੂਨੀਅਨ ਦੀ ਸੂਬਾਈ ਲੀਡਰਸ਼ਿਪ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਜਾਂਦੀਆਂ ਰੇਲ ਪਟੜੀਆਂ ’ਤੇ ਧਰਨੇ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਮਾਨਸਾ ਜ਼ਿਲ੍ਹੇ ’ਚ ਬਣਾਂ ਵਾਲਾ ਥਰਮਲ ਨੂੰ ਜਾਂਦੀ ਰੇਲ ਪਟੜੀ ’ਤੇ ਅੱਜ ਹੀ ਧਰਨਾ ਸ਼ੁਰੂ ਹੋ ਗਿਆ ਹੈ। ਇਸੇ ਤਰ੍ਹਾਂ ਰਾਜਪੁਰਾ ਥਰਮਲ ਦੀ ਕੋਲਾ ਸਪਲਾਈ ਵੀ ਜਲਦੀ ਠੱਪ ਕੀਤੀ ਜਾ ਰਹੀ ਹੈ। ਜਥੇਬੰਦੀ ਨੇ ਨਿਰਣਾ ਕੀਤਾ ਹੈ ਕਿ ਸਰਕਾਰੀ ਥਰਮਲਾਂ ਦੀ ਕੋਲਾ ਸਪਲਾਈ ਜਾਰੀ ਰਹੇਗੀ, ਪਰ ਨਿੱਜੀ ਕੰਪਨੀਆਂ ਨੂੰ ਇਸ ਦੀ ਇਜਾਜ਼ਤ ਨਹੀਂ ਹੋਵੇਗੀ।

ਇਨ੍ਹਾਂ ਅਹਿਮ ਫੈਸਲਿਆਂ ਦੀ ਜਾਣਕਾਰੀ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਇਥੇ ਮੀਡੀਆ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਕਿਸਾਨ ਸੰਗਠਨਾਂ ਵੱਲੋਂ 5 ਨਵੰਬਰ ਦੇ ‘ਦੇਸ਼ ਵਿਆਪੀ ਚੱਕਾ ਜਾਮ’ ਨੂੰ ਜਥੇਬੰਦੀ ਆਪਣੇ ‘ਆਜ਼ਾਦ ਐਕਸ਼ਨ’ ਰਾਹੀਂ ਸਫ਼ਲ ਬਣਾਵੇਗੀ। ਉਨ੍ਹਾਂ ਇਸ ਐਕਸ਼ਨ ਦਾ ਬਿਹਾਰ ਦੀਆਂ ਚੋਣਾਂ ਨਾਲ ਕੋਈ ਵੀ ਸਬੰਧ ਹੋਣ ਤੋਂ ਇਨਕਾਰ ਕੀਤਾ। ਆਗੂਆਂ ਨੇ ਖੁਲਾਸਾ ਕੀਤਾ ਕਿ ਐੱਸਾਰ ਕੰਪਨੀ ਦੇ ਪੈਟਰੋਲ ਪੰਪ ਦੇ ਡੀਲਰਾਂ ਵੱਲੋਂ ਜਥੇਬੰਦੀ ਨੂੰ ਲਿਖ਼ਿਆ ਇਕ ਪੱਤਰ ਮਿਲਿਆ ਹੈ। ਪੱਤਰ ਵਿਚ ਧਰਨਿਆਂ ਕਾਰਨ ਆ ਰਹੀਆਂ ਸਮੱਸਿਆਵਾਂ ਦਾ ਜ਼ਿਕਰ ਹੈ। ਆਗੂਆਂ ਕਿਹਾ ਕਿ ਭਲਕੇ 24 ਅਕਤੂਬਰ ਨੂੰ ਜਥੇਬੰਦੀ ਦੀ ਵਿਸ਼ੇਸ਼ ਮੀਟਿੰਗ ਵਿਚ ਇਹ ਮਸਲਾ ਵਿਚਾਰ ਕੇ ਭਵਿੱਖੀ ਫੈਸਲਾ ਕੀਤਾ ਜਾਵੇਗਾ।

ਉਨ੍ਹਾਂ 25 ਅਕਤੂਬਰ ਨੂੰ ਦਸਹਿਰੇ ਮੌਕੇ ਪੰਜਾਬ ਦੇ 14 ਜ਼ਿਲ੍ਹਿਆਂ ’ਚ 41 ਵੱਖ-ਵੱਖ ਥਾਵਾਂ ’ਤੇ ਭਾਜਪਾ, ਕਾਰਪੋਰੇਟਾਂ ਅਤੇ ਵਿਦੇਸ਼ੀ ਕੰਪਨੀਆਂ ਦੀ ਤਿੱਕੜੀ ਦੇ ਦਿਓ-ਕੱਦ ਪੁਤਲੇ ਅਗਨਦਾਹ ਕਰਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਇਸ ਕਾਰਵਾਈ ਲਈ ਲੋਕਾਂ ’ਚ ਭਾਰੀ ਉਤਸ਼ਾਹ ਅਤੇ ਸਮਰਥਨ ਮਿਲ ਰਿਹਾ ਹੈ। ਪ੍ਰੈਸ ਸੰਮੇਲਨ ’ਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਅਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੀ ਮੌਜੂਦ ਸਨ। ਗੌਰਤਲਬ ਹੈ ਕਿ 21 ਅਕਤੂਬਰ ਨੂੰ ਚੰਡੀਗੜ੍ਹ ਵਿਚ ਹੋਈ 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਪੰਜਾਬ ਵਿਚਲੇ ਥਰਮਲਾਂ ਦੀ ਕੋਲਾ ਸਪਲਾਈ ਸਮੇਤ ਮਾਲ ਗੱਡੀਆਂ ’ਤੇ ਹੁੰਦੀ ਹਰ ਕਿਸਮ ਦੀ ਢੋਆ-ਢੁਆਈ ਤੋਂ ਰੋਕ ਹਟਾਉਣ ਬਾਰੇ ਫੈਸਲਾ ਹੋਇਆ ਸੀ

ਇਸ ਦੌਰਾਨ ਮਾਨਸਾ ਤੋਂ ਜੋਗਿੰਦਰ ਸਿੰਘ ਮਾਨ ਦੀ ਰਿਪੋਰਟ ਮੁਤਾਬਕਅੱਜ ਦੁਪਹਿਰ ਤੋਂ ਪਹਿਲਾਂ ਅਚਾਨਕ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿੱਚ ਲੱਗੇ ਪ੍ਰਾਈਵੇਟ ਭਾਈਵਾਲੀ ਵਾਲੇ ਸਭ ਤੋਂ ਵੱਡੇ ‌ਤਾਪਘਰ ‘ਤਲਵੰਡੀ ਸਾਬੋ ਪਾਵਰ ਪਲਾਂਟ’ ਨੂੰ ਜਾਂਦੀਆਂ ਰੇਲਵੇ ਲਾਈਨਾਂ ਰੋਕ ਲਈਆਂ ਹਨ। ਜਥੇਬੰਦੀ ਨੇ ਪਹਿਲਾਂ ਥਰਮਲ ਪਲਾਂਟ ਦੇ ਮੁੱਖ ਗੇਟ ਸਾਹਮਣੇ ਧਰਨਾ ਲਗਾਇਆ ਹੋਇਆ ਸੀ, ਪਰ ਅੱਜ ਅਚਨਚੇਤ ਹੀ ਥਰਮਲ ਨੂੰ ਜਾਂਦੇ ਰੇਲ ਮਾਰਗ ’ਤੇ ਧਰਨਾ ਲਗਾ ਦਿੱਤਾ। ਇਸ ਧਰਨੇ ਦੇ ਲੱਗਣ ਕਾਰਨ ਤਾਪਘਰ ਲਈ ਕੋਲਾ ਲੈ ਕੇ ਜਾਣ ਆਉਣ ਵਾਲੀਆਂ ਗੱਡੀਆਂ ਮੁੜ ਬੰਦ ਹੋ ਗਈਆਂ ਹਨ। ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਇਹ ਜਥੇਬੰਦੀ ਦੀ ਸੂਬਾ ਕਮੇਟੀ ਵਲੋਂ ਲਏ ਗਏ ਫੈਸਲੇ ਮੁਤਾਬਕ ਹੀ ਹੋਇਆ ਹੈ। ਉਧਰ ਦੂਜੇ ਪਾਸੇ ਥਰਮਲ ਪਲਾਂਟ ਦੀਆਂ ਰੇਲਵੇ ਲਾਈਨਾਂ ਉਪਰ ਬੈਠੇ ਕਿਸਾਨਾਂ ਸਬੰਧੀ ਮਾਨਸਾ ਦੇ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਜਥੇਬੰਦੀ ਦੇ ਆਗੂਆਂ ਨਾਲ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ ਅਤੇ ਛੇਤੀ ਹੀ ਮਾਮਲੇ ਨੂੰ ਸਮਝ ਕੇ ਮਸਲਾ ਹੱਲ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *