ਲਖੀਮਪੁਰ ਕਤਲੇਆਮ: ਆਸ਼ੀਸ਼ ਮਿਸ਼ਰਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜਿਆ
ਲਖੀਮਪੁਰ ਕਤਲੇਆਮ: ਆਸ਼ੀਸ਼ ਮਿਸ਼ਰਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜਿਆ
ਲਖੀਮਪੁਰ ਖੀਰੀ, 11 ਅਕਤੂਬਰ (ਪ.ਨ. ਟੀਮ)- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਕਤਲੇਆਮ ਮਾਮਲੇ ‘ਚ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਲੰਘੀ ਦੇਰ ਰਾਤ ਇੱਥੇ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਤਿੰਨ ਅਕਤੂਬਰ ਦੀ ਲਖੀਮਪੁਰ ਖੀਰੀ ਦੀ ਘਟਨਾ ਦੇ ਸਬੰਧ ’ਚ 14 ਦਿਨ ਲਈ ਨਿਆਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਗਿਆ ਹੈ। ਸੀਨੀਅਰ ਅਧਿਕਾਰੀ ਐੱਸਪੀ ਯਾਦਵ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ ’ਚ ਸਿੱਟ ਨੇ ਆਸ਼ੀਸ਼ ਮਿਸ਼ਰਾ ਤੋਂ 12 ਘੰਟੇ ਪੁੱਛ ਪੜਤਾਲ ਤੋਂ ਬਾਅਦ ਉਸ ਨੂੰ ਅਦਾਲਤ ’ਚ ਪੇਸ਼ ਕੀਤਾ। ਇਸ ਤੋਂ ਪਹਿਲਾਂ ਸਿਹਤ ਮਾਹਿਰਾਂ ਦੀ ਟੀਮ ਨੇ ਆਸ਼ੀਸ਼ ਦਾ ਡਾਕਟਰੀ ਮੁਆਇਨਾ ਕੀਤਾ। ਉਨ੍ਹਾਂ ਕਿਹਾ ਕਿ ਆਸ਼ੀਸ਼ ਮਿਸ਼ਰਾ ਦੇ ਪੁਲੀਸ ਰਿਮਾਂਡ ਸਬੰਧੀ ਅਰਜ਼ੀ ਜੁਡੀਸ਼ਲ ਮੈਜਿਸਟਰੇਟ ਕੋਲ ਦਾਖਲ ਕੀਤੀ ਗਈ ਹੈ ਤੇ ਅਦਾਲਤ ਨੇ ਇਸ ਦੀ ਸੁਣਵਾਈ ਭਲਕੇ ਸਵੇਰੇ 11 ਵਜੇ ਤੈਅ ਕੀਤੀ ਹੈ। ਆਸ਼ੀਸ਼ ਮਿਸ਼ਰਾ ’ਤੇ ਦੋਸ਼ ਲਾਏ ਗਏ ਹਨ ਉਹ ਉਨ੍ਹਾਂ ਵਾਹਨਾਂ ’ਚੋਂ ਇੱਕ ’ਚ ਸਵਾਰ ਸੀ ਜਿਨ੍ਹਾਂ ਨੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਨੂੰ ਦਰੜਿਆ ਹੈ। ਕਿਸਾਨ ਆਗੂ ਤੇ ਵਿਰੋਧੀ ਪਾਰਟੀਆਂ ਆਸ਼ੀਸ਼ ਮਿਸ਼ਰਾ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੀਆਂ ਸਨ ਪਰ ਮੰਤਰੀ ਤੇ ਉਸ ਦਾ ਪੁੱਤਰ ਦੋਸ਼ਾਂ ਤੋਂ ਇਨਕਾਰ ਕਰ ਰਹੇ ਸਨ।