ਓਂਟਾਰੀਓ ‘ਚ ਟਰੱਕ ਨੂੰ ਅੱਗ ਲੱਗਣ ਕਾਰਨ ਦੋ ਪੰਜਾਬੀਆਂ ਦੀ ਮੌਤ
ਓਂਟਾਰੀਓ ‘ਚ ਟਰੱਕ ਨੂੰ ਅੱਗ ਲੱਗਣ ਕਾਰਨ ਦੋ ਪੰਜਾਬੀਆਂ ਦੀ ਮੌਤ
ਟੋਰਾਂਟੋ 12 ਅਕਤੂਬਰ (ਪ.ਨ. ਟੀਮ)- ਓਂਟਾਰੀਓ ਵਿੱਚ ਇੱਕ ਟਰੱਕ ਹਾਦਸੇ ਵਿੱਚ ਧੂਰੀ ਦੇ 23 ਸਾਲਾ ਕੌਮਾਂਤਰੀ ਵਿਿਦਆਰਥੀ ਇੰਦਰਜੀਤ ਸਿੰਘ ਸੋਹੀ ਅਤੇ ਉਸਦੇ ਸਾਥੀ ਮੋਹਾਲ਼ੀ ਨੇੜੇ ਪਿੰਡ ਚਟਾਮਲਾ ਦੇ 47 ਸਾਲਾ ਰਜਿੰਦਰ ਸਿੰਘ ਸਿੱਧੂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਟਰੱਕ ਨੂੰ ਅੱਗ ਲੱਗਣ ਕਾਰਨ ਵਾਪਰਿਆ ਤੇ ਅੱਗ ਵਿੱਚ ਝੁਲ਼ਸ ਜਾਣ ਨਾਲ਼ ਦੋ ਬੇਹੱਦ ਦਰਦਨਾਕ ਮੌਤਾਂ ਹੋ ਗਈਆਂ। ਵਿੱਦਿਆਰਥੀ ਇੰਦਰਜੀਤ ਤਿੰਨ ਸਾਲ ਪਹਿਲਾਂ ਪੰਜਾਬ ਤੋਂ ਕੈਨੇਡਾ ਵਿੱਚ ਆਇਆ ਸੀ ਤੇ ਅਜੇ ਪਿਛਲੇ ਮਹੀਨੇ ਹੀ ਹਾਈਵੇ ਟਰੱਕ ਚਲਾਉਣ ਲੱਗਾ ਸੀ ਕਿ ਇਹ ਹਾਦਸਾ ਹੋ ਗਿਆ। ਹਾਦਸੇ ਦੇ ਕਾਰਨਾਂ ਦੀ ਪੂਰੀ ਜਾਣਕਾਰੀ ਨਹੀਂ ਮਿਲ਼ ਸਕੀ। ਰਜਿੰਦਰ ਸਿੰਘ ਦੀ ਬੇਟੀ ਰਾਜਦੀਪ ਕੌਰ ਸਿੱਧੂ ਨੇ ਦੱਸਿਆ ਕਿ ਦੋਨੋ ਡਰਾਈਵਰ ਬੀਬੀਐਨ ਟਰਾਂਸਪੋਰਟ ‘ਚ ਕੰਮ ਕਰਦੇ ਸਨ ਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਾਦਸੇ ਬਾਰੇ ਤਿੰਨ ਦਿਨ ਬਾਅਦ ਪਤਾ ਲੱਗਾ। ਟਰੱਕ ਦਾ ਹਾਦਸਾ ਥੰਡਰ ਬੇ ਕੋਲ਼ 3 ਅਕਤੂਬਰ ਨੂੰ ਹੋਇਆ ਸੀ।