ਕਿਸਾਨੀ ਝੰਡਾ ਲੈ ਕੇ ਵਿਆਹ ਕਰਵਾਉਣ ਵਾਲਾ ਗੱਜਣ ਸਿੰਘ ਤਿਰੰਗੇ ਝੰਡੇ ‘ਚ ਲਿਪਟਿਆ
ਕਿਸਾਨੀ ਝੰਡਾ ਲੈ ਕੇ ਵਿਆਹ ਕਰਵਾਉਣ ਵਾਲਾ ਗੱਜਣ ਸਿੰਘ ਤਿਰੰਗੇ ਝੰਡੇ ‘ਚ ਲਿਪਟਿਆ
ਚੰਡੀਗੜ੍ਹ, 11 ਅਕਤੂਬਰ (ਪ.ਨ. ਟੀਮ)- ਜੰਮੂ ਕਸ਼ਮੀਰ ਦੇ ਪੁਣਛ ਇਲਾਕੇ ‘ਚ ਸ਼ਹੀਦ ਹੋਏ ਭਾਰਤ ਦੇ ਪੰਜ ਸੈਨਿਕਾਂ ‘ਚ ਪੰਜਾਬ ਦਾ ਗੱਜਣ ਸਿੰਘ ਸ਼ਾਮਲ ਹੈ ਜਿਸ ਨੇ ਕਿਸਾਨੀ ਝੰਡਾ ਲੈ ਕੇ ਕੁਝ ਸਮਾਂ ਪਹਿਲਾ ਵਿਆਹ ਕਰਵਾਇਆ ਸੀ। ਗੱਜਣ ਸਿੰਘ ਰੂਪਨਗਰ ਜਿਲ੍ਹੇ ਦੇ ਪਿੰਡ ਪਚਰੰਡਾ (ਨੂਰਪੁਰ ਬੇਦੀ) ਦਾ ਜੰਮਪਲ ਸੀ। ਇਸ ਤੋਂ ਇਲਾਵਾ ਕਪੂਰਥਲਾ ਜਿਲ੍ਹੇ ਦੇ ਭੁਲੱਥ ਨੇੜਲੇ ਪਿੰਡ ਮਾਨਾਂ ਤਲਵੰਡੀ ਦਾ ਵਸਨੀਕ ਨਾਇਬ ਸੂਬੇਦਾਰ ਜਸਵਿੰਦਰ ਸਿੰਘ (39) ਤੇ ਮਨਦੀਪ ਸਿੰਘ ਪਿੰਡ ਚੱਠਾ ਸ਼ੀਰਾ ਦਾ ਵਸਨੀਕ ਸੀ। ਇੰਨ੍ਹਾਂ ਦੇ ਨਾਲ ਹੀ ਸਰਾਜ ਸਿੰਘ ਵਾਸੀ ਸ਼ਾਹਜਾਂਪੁਰ (ਉੱਤਰ ਪ੍ਰਦੇਸ਼) ਤੇ ਵਿਸ਼ਾਲ ਵਾਸੀ ਕੌਲਾਮ (ਕੇਰਲ) ਵੀ ਸ਼ਹਾਦਤ ਦਾ ਜਾਮ ਪੀ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਨਾਇਕ ਮਨਦੀਪ ਸਿੰਘ ਅਤੇ ਸਿਪਾਹੀ ਗੱਜਣ ਸਿੰਘ ਦੇ ਪਰਿਵਾਰਾਂ ਦੇ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50-50 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗਰਾਂਟ ਦੇਣ ਦਾ ਐਲਾਨ ਕੀਤਾ ਹੈ।