ਪਿਆਜ਼ ਦੀਆਂ ਵਧਦੀਆਂ ਕੀਮਤਾਂ: ਸਰਕਾਰ ਨੇ ਥੋਕ ਤੇ ਪ੍ਰਚੂਨ ਵਪਾਰੀਆਂ ਲਈ ਭੰਡਾਰਨ ਲਿਮਟ ਮਿੱਥੀ

ਨਵੀਂ ਦਿੱਲੀ, 23 ਅਕਤੂਬਰ

ਕੇਂਦਰ ਸਰਕਾਰ ਨੇ ਅਗਾਮੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਪਿਆਜ਼ ਦੀਆਂ ਅਸਮਾਨੀ ਪੁੱਜੀਆਂ ਕੀਮਤਾਂ ਨੂੰ ਕੰਟਰੋਲ ਕਰਨ ਤੇ ਆਮ ਲੋਕਾਂ ਨੂੰ ਰਾਹਤ ਦੇਣ ਦੇ ਇਰਾਦੇ ਨਾਲ ਜਿੱਥੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੇਂਦਰ ਦੇ ਰਾਖਵੇਂ ਭੰਡਾਰਾਂ/ਬਫ਼ਰ ਸਟਾਕ ’ਚੋਂ ਪਿਆਜ਼ ਦੀ ਖੇਪ ਚੁੱਕਣ ਲਈ ਕਿਹਾ ਹੈ, ਉਥੇ ਪਿਆਜ਼ ਦੇ ਥੋਕ ਤੇ ਪ੍ਰਚੂਨ ਵਪਾਰੀਆਂ ਦੇ ਫਸਲ ਦਾ ਭੰਡਾਰ ਕਰਨ ’ਤੇ ਲਿਮਟ ਨਿਰਧਾਰਿਤ ਕਰ ਦਿੱਤੀ ਹੈ, ਜੋ 31 ਦਸੰਬਰ ਤਕ ਲਾਗੂ ਰਹੇਗੀ। ਪ੍ਰਚੂਨ ਵਪਾਰੀਆਂ ਲਈ ਭੰਡਾਰਨ ਲਿਮਟ 2 ਟਨ ਜਦੋਂਕਿ ਥੋਕ ਵਪਾਰੀ ਹੁਣ 25 ਟਨ ਪਿਆਜ਼ ਹੀ ਸਟਾਕ ਕਰ ਸਕਣਗੇ। ਕਾਬਿਲੇਗੌਰ ਹੈ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਪਿਆਜ਼ ਦੀਆਂ ਪ੍ਰਚੂਨ ਕੀਮਤਾਂ 75 ਰੁਪਏ ਪ੍ਰਤੀ ਕਿਲੋ ਦੇ ਭਾਅ ਨੂੰ ਪੁੱਜ ਗਈਆਂ ਹਨ। ਦੱਖਣੀ ਰਾਜਾਂ ਵਿੱਚ ਪਿਆਜ਼ ਸੌ ਤੋਂ 120 ਰੁਪਏ ਪ੍ਰਤੀ ਕਿਲੋ ਤੱਕ ਵਿਕਿਆ ਹੈ। ਖਪਤਕਾਰ ਮਾਮਲਿਆਂ ਨਾਲ ਸਬੰਧਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ 22 ਅਕਤੂਬਰ ਨੂੰ ਮੁੰਬਈ ਵਿੱਚ ਪ੍ਰਚੂਨ ’ਚ ਪਿਆਜ਼ ਦੀ ਕੀਮਤ 86 ਰੁਪਏ ਕਿਲੋ, ਚੇਨੱਈ ’ਚ 83 ਰੁਪਏ ਜਦੋਂਕਿ ਕੋਲਕਾਤਾ ਤੇ ਦਿੱਲੀ ਵਿੱਚ ਕ੍ਰਮਵਾਰ 70 ਤੇ 55 ਰੁਪਏ ਪ੍ਰਤੀ ਕਿਲੋ ਸੀ। ਮੰਤਰਾਲੇ ਦੀ ਸਕੱਤਰ ਲੀਨਾ ਨੰਦਨ ਨੇ ਦੱਸਿਆ ਕਿ ਪਿਆਜ਼ ਦੀਆਂ ਵਧਦੀਆਂ ਕੀਮਤਾਂ ’ਤੇ ਲਗਾਮ ਕੱਸਣ ਦੇ ਇਰਾਦੇ ਨਾਲ ਸਰਕਾਰ ਨੇ ਪਿਆਜ਼ ਵਪਾਰੀਆਂ ਲਈ ਭੰਡਾਰਨ ਲਿਮਟ ਨਿਰਧਾਰਿਤ ਕੀਤੀ ਹੈ।

Leave a Reply

Your email address will not be published. Required fields are marked *