ਉਲੰਪੀਅਨ ਜੈਸਮੀਨ ਮੀਆਂ ਬਣੀ ਕੈਲਗਰੀ ਦੀ ਕੌਂਸਲਰ

ਉਲੰਪੀਅਨ ਜੈਸਮੀਨ ਮੀਆਂ ਬਣੀ ਕੈਲਗਰੀ ਦੀ ਕੌਂਸਲਰ
ਕੈਲਗਰੀ 19 ਅਕਤੂਬਰ (ਸੁਖਬੀਰ ਗਰੇਵਾਲ)- ਉਲੰਪਿਕਸ ‘ਚ ਕੈਨੇਡਾ ਦੀ ਨੁਮਾਇੰਦਗੀ ਕਰ ਚੁੱਕੀ ਜੈਸਮੀਨ ਮੀਆਂ ਨੇ ਕੈਲਗਰੀ ਦੀਆਂ ਸਥਾਨਕ ਚੋਣਾਂ ‘ਚ ਕੌਂਸਲਰ ਵਜੋਂ ਜਿੱਤ ਦਰਜ਼ ਕੀਤੀ ਹੈ। ਟੋਰਾਂਟੋ ਵਿਖੇ ਜਨਮੀ ਜੈਸਮੀਨ 2016 ਦੀਆਂ ਰੀਓ ਉਲੰਪਿਕ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ ‘ਚ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰ ਚੁੱਕੀ ਹੈ ਤੇ ਉਸ ਨੇ 12ਵਾਂ ਸਥਾਨ ਹਾਸਲ ਕੀਤਾ ਹੈ। ਜੈਸਮੀਨ ਨੇ ਹਈ ਸਕੂਲ ਤੱਕ ਦੀ ਪੜ੍ਹਾਈ ਦੌਰਾਨ ਦੌੜਾਕ ਵਜੋਂ ਖੇਡ ਮੈਦਾਨ ‘ਚ ਪੈਰ ਰੱਖਿਆ ਸੀ ਪਰ ਜਲਦੀ ਹੀ ਉਸ ਦਾ ਰੁਝਾਨ ਕੁਸ਼ਤੀ ਵੱਲ ਹੋ ਗਿਆ। ਜਿਸ ਤਹਿਤ ਉਸ ਨੇ ਬਰੌਕ ਯੂਨੀਵਰਸਿਟੀ ‘ਚ ਪੜ੍ਹਦਿਆਂ ਕੌਮੀ ਅੰਤਰਵਰਸਿਟੀ ਮੁਕਾਬiਲ਼ਆਂ (2011) ‘ਚ ਕਾਂਸੀ ਦਾ ਤਗਮਾ ਜਿੱਤਿਆ। ਫਿਰ ਉਸ ਨੇ 2010 ਤੇ 2012 ਦੀਆਂ ਵਿਸ਼ਵ ਯੂਨੀਵਰਸਿਟੀ ਕੁਸ਼ਤੀ ਚੈਪੀਅਨਸ਼ਿਪਾਂ ‘ਚੋਂ ਕਾਂਸੀ ਦੇ ਤਗਮੇ ਜਿੱਤੇ। ਉਲੰਪਿਕ ਖੇਡਣ ਦੇ ਸੁਫਨੇ ਦੀ ਪੁਰਤੀ ਲਈ ਜੈਸਮੀਨ ਨੇ ਕੈਲਗਰੀ ਵਿਖੇ ਪ੍ਰਵਾਸ ਕਰ ਲਿਆ ਜਿਸ ਦੌਰਾਨ ਉਸ ਨੇ 2014 ‘ਚ ਪਹਿਲੀ ਵਾਰ ਕੌਮੀ ਚੈਪੀਅਨਸ਼ਿਪ ‘ਚੋਂ ਸੋਨ ਤਗਮਾ ਜਿੱਤਣ ਦਾ ਮਾਣ ਹਾਸਿਲ ਕੀਤਾ। ਫਿਰ ਉਸ ਨੇ ਵਿਸ਼ਵ ਯੂਨੀਵਰਸਿਟੀ ਕੁਸ਼ਤੀ ਚੈਪੀਅਨਸ਼ਿਪ ‘ਚੋਂ ਸੋਨ ਅਤੇ ਰਾਸ਼ਟਰਮੰਡਲ ਖੇਡਾਂ ‘ਚੋਂ ਵੀ ਕਾਂਸੀ ਦਾ ਤਗਮਾ ਜਿੱਤਿਆ। ਉਸ ਨੇ ਵਿਸ਼ਵ ਕੁਸ਼ਤੀ ਚੈਪੀਅਨਸ਼ਿਪ 2015 ‘ਚ ਵੀ ਕੈਨੇਡਾ ਦੀ ਪ੍ਰਤੀਨਿਧਤਾ ਕੀਤੀ ਤੇ ਦੋ ਵਿਸ਼ਵ ਚੈਪੀਅਨਾਂ ਨੂੰ ਹਰਾਕੇ ਸਿਖਰਲੀਆਂ 10 ਖਿਡਾਰਨਾਂ ‘ਚ ਥਾਂ ਬਣਾਈ। ਪੇਸ਼ੇ ਵਜੋਂ ਜਸਮੀਨ (31 ਸਾਲ) ਨੇ ਮਾਸਟਰ ਆਫ ਸਾਇੰਸ ਦੀ ਪੜ੍ਹਾਈ ਕਰਨ ਉਪਰੰਤ ਕੈਲਗਰੀ ਯੂਨੀਵਰਸਿਟੀ ‘ਚ ਅਧਿਆਪਨ ਵੀ ਕੀਤਾ ਹੈ। ਜਿਸ ਦੌਰਾਨ ਉਸ ਦਾ ਰੁਝਾਨ ਲੋਕ ਸੇਵਾ ਵੱਲ ਹੋ ਗਿਆ ਤੇ ਉਸ ਨੇ ਰਾਜਨੀਤੀ ‘ਚ ਪ੍ਰਵੇਸ਼ ਕੀਤਾ। ਹੁਣ ਉਸ ਨੇ ਵਾਰਡ ਨੰਬਰ 3 ਤੋਂ ਕੌਂਸਲਰ ਬਣਨ ਦਾ ਐਜ਼ਾਜ਼ ਹਾਸਿਲ ਕੀਤਾ ਹੈ।
ਤਸਵੀਰ: ਜੈਸਮੀਨ ਮੀਆਂ

Leave a Reply

Your email address will not be published. Required fields are marked *