ਪ੍ਰਭਜੋਤ ਸਿੰਘ ਕਤਰੀ ਦੀ ਹੱਤਿਆ ਸਬੰਧੀ ਤਿੰਨ ਵਿਅਕਤੀ ਨਾਮਜ਼ਦ

ਪ੍ਰਭਜੋਤ ਸਿੰਘ ਕਤਰੀ ਦੀ ਹੱਤਿਆ ਸਬੰਧੀ ਤਿੰਨ ਵਿਅਕਤੀ ਨਾਮਜ਼ਦ
ਟਰੂਰੋ 24 ਅਕਤੂਬਰ (ਪ.ਨ. ਟੀਮ)- ਪਿਛਲੇ ਮਹੀਨੇ ਕੈਨੇਡਾ ਦੇ ਸੂਬੇ ਨੋਵਾ ਸਕੋਸ਼ੀਆ ਦੇ ਟਰੂਰੋ ਵਿੱਚ ਪੰਜਾਬੀ ਨੌਜਵਾਨ ਪ੍ਰਭਜੋਤ ਸਿੰਘ ਕਤਰੀ ਦੀ ਮੌਤ ਦੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧੀ ਟਰੂਰੋ ਪੁਲਿਸ ਦੀ ਸੂਚਨਾ ਅਨੁਸਾਰ 20 ਸਾਲਾ ਜੇਮਸ ਪ੍ਰੌਸਪਰ (ਕੈਮਰੂਨ) ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਹ ਪਹਿਲਾਂ ਹੀ ਪ੍ਰੌਸਪਰ ਕੁਝ ਹੋਰਾਂ ਦੋਸ਼ਾਂ ਦਾ ਸਾਹਮਣਾ ਵੀ ਕਰ ਰਿਹਾ ਹੈ। ਪ੍ਰੌਸਪਰ ਤੋਂ ਇਲਾਵਾ ਪੁਲਿਸ ਨੇ ਕਤਰੀ ਦੇ ਮਾਮਲੇ ਨਾਲ ਜੁੜੇ ਦੋ ਹੋਰ ਦੋਸ਼ੀਆਂ ਦੇ ਵੇਰਵੇ ਜਾਰੀ ਕੀਤੇ ਹਨ। ਇਸ ਸਬੰਧੀ 21 ਸਾਲਾ ਡਾਇਲਨ ਰੌਬਰਟ ਮੈਕਡੋਨਲਡ ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ‘ਤੇ ਦੋਸ਼ ਹੈ ਕਿ ਉਸਨੇ ਪ੍ਰੌਸਪਰ ਨੂੰ ਭੱਜਣ ਵਿੱਚ ਸਹਾਇਤਾ ਕੀਤੀ ਸੀ। ਤੀਸਰੇ ਵਿਅਕਤੀ ਮਾਰਕਸ ਡੇਨੀ (22) ‘ਤੇ ਇਸ ਤੱਥ ਤੋਂ ਬਾਅਦ ਕਤਲ ਲਈ ਸਹਾਇਕ ਦਾ ਦੋਸ਼ ਲਗਾਇਆ ਗਿਆ ਹੈ, ਪਰ ਅਜੇ ਡੇਨੀ ਪੁਲਿਸ ਹਿਰਾਸਤ ਵਿੱਚ ਨਹੀਂ ਹੈ। ਦੱਸਣਯੋਗ ਹੈ ਕਿ 23 ਸਾਲਾ ਕਤਰੀ 2017 ਵਿੱਚ ਭਾਰਤ ਤੋਂ ਕੈਨੇਡਾ ਪੜ੍ਹਨ ਲਈ ਆਇਆ ਸੀ। 5 ਸਤੰਬਰ ਨੂੰ 494 ਰੋਬੀ ਸੇਂਟ ਵਿਖੇ ਜਿਸ ਸਮੇਂ ਉਹ ਆਪਣੇ ਦੋਸਤਾਂ ਨੂੰ ਮਿਲਕੇ, ਇੱਕ ਅਪਾਰਟਮੈਂਟ ਕੰਪਲੈਕਸ ਦੀ ਪਾਰਕਿੰਗ ‘ਚ ਆਪਣੀ ਕਾਰ ਵੱਲ ਆ ਰਿਹਾ ਸੀ ਤਾਂ ਉਸ ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਗਿਆ ਸੀ। ਉਸਦੀ ਹਸਪਤਾਲ ਵਿੱਚ ਮੌਤ ਹੋ ਗਈ। ਨਸਲੀ ਅਪਰਾਧ ਦੇ ਸ਼ੱਕ ਕਾਰਨ ਉਕਤ ਘਟਨਾ ਨਾਲ ਪ੍ਰਵਾਸੀ ਭਾਈਚਾਰੇ ‘ਚ ਸਹਿਮ ਦਾ ਮਾਹੌਲ ਬਣ ਗਿਆ ਸੀ।
ਤਸਵੀਰ:- ਪ੍ਰਭਜੋਤ ਸਿੰਘ ਕਤਰੀ

Leave a Reply

Your email address will not be published.