ਪੰਜਾਬੀ ਸਾਹਿਤਕਾਰ ਕੇਸਰ ਸਿੰਘ ਨੀਰ ਦਾ ਸਰੀ ਵਿਚ ਸਨਮਾਨ

ਕੈਲਗਰੀ :ਪਿਛਲੇ ਦਿਨੀਂ ਕੈਲਗਰੀ ਵਸਨੀਕ ਨਾਮਵਰ ਸਾਹਿਤਕਾਰ ਕੇਸਰ ਸਿੰਘ ਨੀਰ ਦਾ ਸਰੀ ਵਿਖੇ ਅਦਾਰੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਇੱਕ ਵਿਸ਼ੇਸ਼ ਇਕੱਤਰਤਾ ਵਿਚ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ। ਇਸ ਟਰੱਸਟ ਦੇ ਬਾਨੀ ਜੈਤੇਗ ਸਿੰਘ ਅਨੰਤ  ਦੁਆਰਾ ਆਯੋਜਿਤ ਸਮਾਰੋਹ ਵਿਚ ਉੱਥੋਂ ਦੇ ਚੋਣਵੇਂ ਸਾਹਿਤਕਾਰ ਸ਼ਾਮਲ ਹੋਏ। ਪੰਜਾਬੀ ਹੈਰੀਟੇਜ ਦੇ ਸੰਪਾਦਕ ਲਖਬੀਰ ਸਿੰਘ ਖੰਗੂੜਾ, ਕਵੀ ਬਿੱਕਰ ਸਿੰਘ ਖੋਸਾ, ਕਵੀ ਹਰਦਮ ਸਿੰਘ ਮਾਨ, ਕਵਿੱਤਰੀ ਹਰਸ਼ਰਨ ਕੌਰ ਅਤੇ ਰਾਮ ਗੜ੍ਹੀਆ ਟਰੱਸਟ ਕੈਨੇਡਾ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਨੇ ਆਪਣੀਆਂ ਰਚਨਾਵਾਂ ਨਾਲ ਸ਼ਿਰਕਤ ਕੀਤੀ।  ਉਨ੍ਹਾਂ ਨੇ ਕੇਸਰ ਸਿੰਘ ਦੀਆਂ ਰਚਨਾਵਾਂ ਦੇ ਹਵਾਲੇ ਨਾਲ ਉਸ ਦੇ ਸਾਹਿਤ ਵਿਚ ਪਾਏ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ। ਅਨੇਕਾਂ ਮਿਆਰੀ ਪੁਸਤਕਾਂ ਦੇ ਸੰਪਾਦਕ ਅਤੇ ਉੱਘੇ ਫੋਟੋਗ੍ਰਾਫਰ ਜੈਤੇਗ ਸਿੰਘ ਨੇ ਨੀਰ ਦੀਆਂ ਕਵਿਤਾਵਾਂ, ਖਾਸ ਕਰ ਕੇ ਗ਼ਜ਼ਲਾਂ ਅਤੇ ਬਾਲ ਸਾਹਿਤ ਦੀਆਂ ਪੁਸਤਕਾਂ ਬਾਰੇ ਬੋਲਦਿਆਂ ਉਸ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਿਲੇ ਸ਼੍ਰੋਮਣੀ ਐਵਾਰਡ ਦਾ ਵੀ ਜ਼ਿਕਰ ਕੀਤਾ। ਉਸ ਦੇ ਸਫਲ ਅਧਿਆਪਨ ਕਾਰਜ ਅਤੇ ਅਧਿਆਪਕਾਂ ਦੇ ਹੱਕਾਂ ਲਈ ਕੀਤੇ ਸੰਘਰਸ਼ਾਂ ਵਿਚ ਪਾਏ ਯੋਗਦਾਨ ਦਾ ਸੰਖੇਪ ਬਿਓਰਾ ਦਿੱਤਾ। ਇਸ ਮੌਕੇ ਨੀਰ ਨੇ ਆਪਣੀਆਂ ਗ਼ਜ਼ਲਾਂ ਰਾਹੀਂ ਸਾਂਝ ਪਾਈ। ਉਸ ਦੀ ਗ਼ਜ਼ਲ ਦਾ ਇਹ ਸ਼ਿਅਰ ਉਸਦੀ ਲੋਕਾਂ ਦੇ ਮਸਲਿਆਂ ਪ੍ਰਤੀ ਚੇਤਨਤਾ ਅਤੇ ਲੋਕਾਂ ਤੋਂ ਮਿਲੇ ਨਿੱਘੇ ਹੁੰਗਾਰੇ ਦੀ ਤਰਜਮਾਨੀ ਕਰ ਗਿਆ — ਉਠਾਇਆ ਹੈ ਸਦਾ ਦਿਲ ਤੇ ਜਿਹਨੇ ਵੀ ਭਾਰ ਲੋਕਾਂ ਦਾ, \ ਉਸੇ ਨੂੰ ਹੀ ਸਦਾ ਮਿਲਿਆ ਹੈ ਪੂਰਾ ਪਿਆਰ ਲੋਕਾਂ ਦਾ। ਨੀਰ ਨੇ ਆਪਣੇ ਜੀਵਨ, ਸਾਹਿਤਕ ਸਫ਼ਰ ਅਤੇ ਜ਼ਿਦਗੀ ਦੇ ਤਲਖ਼ ਤਜਰਬਿਆਂ ਦੀ ਸੰਖੇਪ ਜਾਣਕਾਰੀ ਦਿੱਤੀ। ਜੈਤੇਗ ਸਿੰਘ ਅਨੰਤ ਨੇ ਟਰੱਸਟ ਦੀ ਤਰਫੋਂ ਕੇਸਰ ਸਿੰਘ ਨੀਰ ਨੂੰ ਸਿਰੋਪਾਓ, ਦਸਤਾਰ ਅਤੇ ਪੁਸਤਕਾਂ ਦਾ ਸੈੱਟ ਪ੍ਰਦਾਨ ਕਰ ਕੇ ਸਨਮਾਨਿਤ ਕੀਤਾ। ਨੀਰ ਨੇ ਆਪਣੀਆਂ ਪੁਸਤਕਾਂ ਦਾ ਸੈੱਟ ਜੈਤੇਗ ਸਿੰਘ ਅਨੰਤ ਨੂੰ ਟਰੱਸਟ ਲਈ ਭੇਂਟ ਕੀਤਾ। ਕੇਸਰ ਸਿੰਘ ਨੀਰ ਨੇ ਧੰਨਵਾਦੀ ਸ਼ਬਦਾਂ ਨਾਲ ਨਿਮਰਤਾ ਸਹਿਤ ਸਨਮਾਨ ਨੂੰ ਕਬੂਲਿਆ।

Leave a Reply

Your email address will not be published. Required fields are marked *