ਆਸਟਰੇਲੀਆ ਨੇ ਕਰੋਨਾ ਟੀਕਾਕਰਨ ਵਾਲੇ ਯੋਗ ਵੀਜ਼ਾਧਾਰਕਾਂ ਲਈ ਆਪਣੇ ਦਰ ਖੋਲ੍ਹੇ
ਆਸਟਰੇਲੀਆ ਨੇ ਕਰੋਨਾ ਟੀਕਾਕਰਨ ਵਾਲੇ ਯੋਗ ਵੀਜ਼ਾਧਾਰਕਾਂ ਲਈ ਆਪਣੇ ਦਰ ਖੋਲ੍ਹੇ
ਮੈਲਬਰਨ, 22 ਨਵੰਬਰ (ਪ.ਨ. ਟੀਮ)- ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਲਾਨ ਕੀਤਾ ਹੈ ਕਿ ਨੇ ਪੂਰੀ ਤਰ੍ਹਾਂ ਕਰੋਨਾ ਟੀਕਾਕਰਨ ਵਾਲੇ ਯੋਗ ਵੀਜ਼ਾਧਾਰਕਾਂ ਨੂੰ ਪਹਿਲੀ ਦਸੰਬਰ ਤੋਂ ਯਾਤਰਾ ਛੋਟ ਲਈ ਅਰਜ਼ੀ ਦਿੱਤੇ ਬਿਨਾਂ ਆਸਟਰੇਲੀਆ ਆਉਣ ਦੀ ਖੁੱਲ੍ਹ ਦੇ ਦਿੱਤੀ ਹੈ। ਸਰਕਾਰ ਦਾ ਇਹ ਕਦਮ ਸੈਲਾਨੀਆਂ, ਬੈਕਪੈਕਰਾਂ, ਹੁਨਰਮੰਦ ਪਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਸਟਰੇਲੀਆ ਵਿਚ ਹੁਣ ਗਰਮੀਆਂ ਦੀ ਰੁੱਤ ’ਚ ਉਡਾਣ ਦੇ ਦਰਵਾਜ਼ੇ ਖੋਲ੍ਹੇਗਾ। ਪਰ ਵਿਜ਼ਟਰ ਵੀਜ਼ਿਆਂ ਲਈ ਫਿਲਹਾਲ ਪਾਬੰਦੀਆਂ ਜਾਰੀ ਰਹਿਣਗੀਆਂ। ਵਿਦਿਆਰਥੀ ਜਿਸ ਵੀ ਸੂਬੇ ’ਚ ਆਉਣਗੇ ਉਥੋਂ ਦੀਆਂ ਸਥਾਨਕ ਇਕਾਂਤਵਾਸ ਸ਼ਰਤਾਂ ਨੂੰ ਪੂਰਾ ਕਰਨਾ ਲਾਜ਼ਮੀ ਹੋਵੇਗਾ। ਪਿਛਲੇ ਕਰੀਬ 21 ਮਹੀਨੇ ਤੋਂ ਆਸਟਰੇਲੀਆ ਨੇ ਆਪਣੀਆਂ ਸਰਹੱਦਾਂ ਕੌਮਾਂਤਰੀ ਆਰਜ਼ੀ ਵੀਜ਼ਿਆਂ ਲਈ ਬੰਦ ਕੀਤੀਆਂ ਹੋਈਆਂ ਹਨ ਅਤੇ ਇੱਥੋਂ ਦੇ ਵਿਦਿਅਕ ਅਦਾਰਿਆਂ ’ਚ ਦਾਖਲਾ ਲੈ ਚੁੱਕੇ ਪਾੜ੍ਹਿਆਂ ਨੂੰ ਆਨਲਾਈਨ ਆਪਣੀ ਪੜ੍ਹਾਈ ਕਰਨੀ ਪੈ ਰਹੀ ਹੈ ਇਸ ਦੇ ਬਾਵਜੂਦ ਕਾਲਜ ਆਦਿ ਫੀਸਾਂ ਵਸੂਲ ਰਹੇ ਸਨ।