ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਬੀ.ਸੀ. ਦੇ ਹੜ੍ਹਾਂ ਪ੍ਰਭਾਵਿਤ ਖੇਤਰਾਂ ਦਾ ਦੌਰਾ, ਫੈਡਰਲ ਤੇ ਸੂਬਾਈ ਮੰਤਰੀਆਂ ਦੀ ਸਾਂਝੀ ਕਮੇਟੀ ਲਵੇਗੀ ਹਾਲਾਤ ਦਾ ਜਾਇਜ਼ਾ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਬੀ.ਸੀ. ਦੇ ਹੜ੍ਹਾਂ ਪ੍ਰਭਾਵਿਤ ਖੇਤਰਾਂ ਦਾ ਦੌਰਾ,
ਫੈਡਰਲ ਤੇ ਸੂਬਾਈ ਮੰਤਰੀਆਂ ਦੀ ਸਾਂਝੀ ਕਮੇਟੀ ਲਵੇਗੀ ਹਾਲਾਤ ਦਾ ਜਾਇਜ਼ਾ
ਵੈਨਕੂਵਰ, 28 ਨਵੰਬਰ (ਪ.ਨ. ਟੀਮ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਕੱਲ੍ਹ ਹੜ੍ਹਾਂ ਦੀ ਮਾਰ ਹੇਠ ਆਏ ਸੂਬੇ ਬ੍ਰਿਟਿਸ਼ ਕੋਲੰਬੀਆ ਦਾ ਦੌਰਾ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਤੇ ਬੀ.ਸੀ. ਦੇ ਪ੍ਰੀਮੀਅਰ ਜੌਨ ਹੌਰਗਨ ਨੇ ਫੈਡਰਲ ਤੇ ਸੂਬਾਈ ਮੰਤਰੀਆਂ ਦੀ ਇੱਕ ਸਾਂਝੀ ਕਮੇਟੀ ਬਣਾਉਣ ਦਾ ਐਲਾਨ ਕੀਤਾ, ਜਿਹੜੀ ਕਿ ਸੂਬੇ ਦੇ ਪਰਿਵਾਰਾਂ, ਕਾਰੋਬਾਰਾਂ ਅਤੇ ਹੜ੍ਹ ਪ੍ਰਭਾਵਿਤ ਹੋਰ ਭਾਈਚਾਰਿਆਂ ਨੂੰ ਇਨ੍ਹਾਂ ਮਾੜੇ ਹਾਲਾਤ ’ਚੋਂ ਬਾਹਰ ਕੱਢਣ ਲਈ ਮੌਜੂਦਾ ਸਮੇਂ ਅਤੇ ਭਵਿੱਖ ਵਿੱਚ ਦਿੱਤੀ ਜਾਣ ਵਾਲੀ ਮਦਦ ’ਚ ਮਾਰਗ ਦਰਸ਼ਨ ਕਰੇਗੀ। ਇਸ ਦੌਰਾਨ ਮੂਲਵਾਸੀ ਨੇਤਾ ਇਸ ਕਮੇਟੀ ਦਾ ਸਾਥ ਦੇਣਗੇ। ਪ੍ਰਧਾਨ ਮੰਤਰੀ ਨੇ ਹੜ੍ਹ ਪ੍ਰਭਾਵਿਤ ਸੂਬੇ ਲਈ ਐਲਾਨ ਕੀਤਾ ਕਿ ਨਵੀਂ ਕਮੇਟੀ ਇਹ ਪਤਾ ਲਾਏਗੀ ਕਿ ਬ੍ਰਿਟਿਸ਼ ਕੋਲੰਬੀਆਂ ਦੇ ਸਾਰੇ ਲੋਕਾਂ ਨੂੰ ਇਸ ਚੁਣੌਤੀਪੂਰਨ ਹਾਲਾਤ ’ਚੋਂ ਬਾਹਰ ਕੱਢਣ ਲਈ ਕਿੰਨੀ-ਕਿੰਨੀ ਵਿੱਤੀ ਮਦਦ ਤੇ ਕਿਹੜੇ-ਕਿਹੜੇ ਸਰੋਤਾਂ ਦੀ ਤੁਰੰਤ ਲੋੜ ਹੈ। ਉਕਤ ਨੇਤਾਵਾਂ ਨੇ ਇਹ ਵੀ ਐਲਾਨ ਕੀਤਾ ਕਿ ਕੈਨੇਡਾ ਤੇ ਬੀ.ਸੀ. ਸਰਕਾਰ, ‘ਬ੍ਰਿਟਿਸ਼ ਕੋਲੰਬੀਆ ਫਲੱਡਸ ਐਂਡ ਐਕਸਟ੍ਰੀਮ ਵੈਦਰ ਅਪੀਲ’ ਰਾਹੀਂ ਕੈਨੇਡੀਅਨ ਰੈੱਡ ਕਰਾਸ ਨੂੰ ਦਾਨ ਕੀਤੇ ਗਏ ਹਰ ਇੱਕ ਡਾਲਰ ’ਚ ਆਪਣਾ ਸਹਿਯੋਗ ਦੇਣਗੀਆਂ।

Leave a Reply

Your email address will not be published.