ਓਮੀਕਰੋਨ ਵੈਰੀਐਂਟ ਪ੍ਰਤੀ ਕੈਨੇਡਾ ਨੇ ਹਵਾਈ ਅੱਡਿਆਂ ‘ਤੇ ਵਧਾਈ ਚੌਕਸੀ, ਭਲਕੇ ਤੋਂ ਹਵਾਈ ਅੱਡਿਆਂ ‘ਤੇ ਹੋਣਗੇ ਯਾਤਰੀਆਂ ਦੇ ਕਰੋਨਾ ਟੈਸਟ
ਓਮੀਕਰੋਨ ਵੈਰੀਐਂਟ ਪ੍ਰਤੀ ਕੈਨੇਡਾ ਨੇ ਹਵਾਈ ਅੱਡਿਆਂ ‘ਤੇ ਵਧਾਈ ਚੌਕਸੀ,
ਭਲਕੇ ਤੋਂ ਹਵਾਈ ਅੱਡਿਆਂ ‘ਤੇ ਹੋਣਗੇ ਯਾਤਰੀਆਂ ਦੇ ਕਰੋਨਾ ਟੈਸਟ
ਟੋਰਾਂਟੋ, 5 ਦਸੰਬਰ (ਪ.ਨ. ਟੀਮ)- ਓਮੀਕਰੌਨ ਵੈਰੀਐਂਟ ਦੇ ਵਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਕੈਨੇਡਾ ਨੇ ਆਪਣੇ ਹਵਾਈ ਅੱਡਿਆਂ ’ਤੇ ਫਿਰ ਤੋਂ ਚੌਕਸੀ ਵਧਾ ਦਿੱਤੀ ਹੈ। ਕੌਮਾਂਤਰੀ ਹਵਾਈ ਅੱਡਿਆਂ ’ਤੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਕੋਰੋਨਾ ਟੈਸਟ ਕਰਨ ਦੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ। ਇਸ ਦੇ ਚਲਦਿਆਂ ਕੈਨੇਡਾ ਦੇ ਸਭ ਤੋਂ ਵੱਡੇ ਹਵਾਈ ਅੱਡੇ, ਟੋਰਾਂਟੋ ਪੀਅਰਸਨ ਇੰਟਰਨੈਸ਼ਨ ਏਅਰਪੋਰਟ ’ਤੇ 6 ਦਸੰਬਰ ਤੋਂ ਟੈਸਟ ਸ਼ੁਰੂ ਕੀਤੇ ਜਾ ਰਹੇ ਹਨ। ਇਸ ਟੈਸਟ ਤੋਂ ਅਮਰੀਕਾ ਦੇ ਪੱਕੇ ਵਾਸੀਆਂ ਨੂੰ ਛੋਟ ਹੋਵੇਗੀ, ਪਰ ਹਵਾਈ ਅੱਡੇ ਦੇ ਦੋਵਾਂ ਟਰਮੀਨਲਾਂ (1 ਤੇ 3) ’ਚ ਪੁੱਜਣ ਵਾਲੇ ਬਾਕੀ ਸਾਰੇ ਯਾਤਰੀਆਂ ਦੇ ਟੈਸਟ ਕੀਤੇ ਜਾਣਗੇ, ਜਿਸ ’ਚ ਦਿੱਲੀ ਤੋਂ ਏਅਰ ਇੰਡੀਆ ਅਤੇ ਏਅਰ ਕੈਨੇਡਾ ਦੀ ਸਿੱਧੀ ਉਡਾਣ ਦੇ ਯਾਤਰੀ ਵੀ ਸ਼ਾਮਲ ਹੋਣਗੇ। ਕੈਨੇਡਾ ਦੇ ਸਿਹਤ ਮੰਤਰੀ ਜੀਨ ਇਵੇਸ ਡੁਕਲਸ ਨੇ ਕਿਹਾ ਹੈ ਕਿ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਯਾਤਰੀਆਂ ਲਈ ਵੀ ਕੋਰੋਨਾ ਟੈਸਟ ਲਾਜ਼ਮੀ ਕੀਤਾ ਗਿਆ ਹੈ।