ਨਵਜੋਤ ਸਿੱਧੂ ਦਾ ਕੇਜਰੀਵਾਲ ‘ਤੇ ਪਲਟਵਾਰ, ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਅਧਿਆਪਕਾਂ ਦੇ ਧਰਨੇ ’ਚ ਹੋਏ ਸ਼ਾਮਲ
ਨਵਜੋਤ ਸਿੱਧੂ ਦਾ ਕੇਜਰੀਵਾਲ ‘ਤੇ ਪਲਟਵਾਰ,
ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਅਧਿਆਪਕਾਂ ਦੇ ਧਰਨੇ ’ਚ ਹੋਏ ਸ਼ਾਮਲ
ਨਵੀਂ ਦਿੱਲੀ, 5 ਦਸੰਬਰ (ਪ.ਨ. ਟੀਮ)- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਨਵੀਂ ਦਿੱਲੀ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਪਲਟਵਾਰ ਕਰਦਿਆ ਉਨ੍ਹਾਂ ਦੀ ਇਥੇ ਸਿਵਲ ਲਾਈਨਜ਼ ਵਿਚਲੀ ਰਿਹਾਇਸ਼ ਦੇ ਬਾਹਰ ਦਿੱਲੀ ਦੇ ਗੈਸਟ ਟੀਚਰਾਂ ਵੱਲੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਲਾਏ ਧਰਨੇ ਵਿੱਚ ਸ਼ਾਮਲ ਹੋਏ। ਸਿੱਧੂ ਨੇ ਕੇਜਰੀਵਾਲ ’ਤੇ ਤਨਜ਼ ਕਸਦਿਆਂ ਕਿਹਾ ਕਿ ਉਹ ਹੋਰਨਾਂ ਸੂਬਿਆਂ ’ਚ ‘ਗਾਰੰਟੀਆਂ’ ਦੇਣ ਦੀ ਥਾਂ ਦਿੱਲੀ ਦੇ ਅਧਿਆਪਕਾਂ ਦੀਆਂ ਮੰਗਾਂ ਵੱਲ ਧਿਆਨ ਦੇਣ। ਚੇਤੇ ਰਹੇ ਕਿ ਕੇਜਰੀਵਾਲ ਨੇ ਪਿਛਲੇ ਮਹੀਨੇ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਵਿੱਚ ਕੰਟਰੈਕਟ ਅਧਿਆਪਕਾਂ ਦੀ ਅਜਿਹੀ ਇਕ ਮਿਲਦੀ-ਜੁਲਦੀ ਮੰਗ ਲਈ ਲਾਈ ਧਰਨੇ ਵਿੱਚ ਸ਼ਾਮਲ ਹੋਏ ਸਨ। ਦਿੱਲੀ ਤੇ ਪੰਜਾਬ ਦਾ ‘ਸਿੱਖਿਆ ਮਾਡਲ’ ਇਕ ਦੂਜੇ ਨਾਲੋਂ ਵੱਧ ਬਿਹਤਰ ਹੋਣ ਦੀ ਜੰਗ ਨੂੰ ਲੈ ਕੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਤੇ ਪੰਜਾਬ ਦੇ ਉਨ੍ਹਾਂ ਦੇ ਹਮਰੁਤਬਾ ਪਰਗਟ ਸਿੰਘ ਪਹਿਲਾਂ ਹੀ ਆਹਮੋ-ਸਾਹਮਣੇ ਹਨ।