ਨਾਗਾਲੈਂਡ ਵਿੱਚ ਸੁਰੱਖਿਆ ਦਸਤਿਆਂ ਵੱਲੋਂ ਗੋਲੀਬਾਰੀ, 13 ਨਾਗਰਿਕਾਂ ਦੀ ਮੌਤ
ਨਾਗਾਲੈਂਡ ਵਿੱਚ ਸੁਰੱਖਿਆ ਦਸਤਿਆਂ ਵੱਲੋਂ ਗੋਲੀਬਾਰੀ, 13 ਨਾਗਰਿਕਾਂ ਦੀ ਮੌਤ
ਕੋਹਿਮਾ, 5 ਦਸੰਬਰ (ਪ.ਨ. ਟੀਮ)- ਨਾਗਾਲੈਂਡ ਦੇ ਮੌਨ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਵੱਲੋਂ ਕੀਤੀ ਗੋਲੀਬਾਰੀ ਵਿੱਚ ਘੱਟੋ-ਘੱਟ 13 ਆਮ ਨਾਗਰਿਕ ਮਾਰੇ ਗਏ ਹਨ। ਪੁਲੀਸ ਵੱਲੋਂ ਘਟਨਾ ਦੀ ਜਾਂਚ ਜਾਰੀ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਕੀ ਇਹ ਕਿਤੇ ਗ਼ਲਤ ਪਛਾਣ ਦਾ ਮਾਮਲਾ ਤਾਂ ਨਹੀਂ ਹੈ। ਥਲ ਸੈਨਾ ਨੇ ਇਸ ਪੂਰੇ ਮਾਮਲੇ ਦੀ ਕੋਰਟ ਆਫ਼ ਇਨਕੁਆਇਰੀ ਦੇ ਹੁਕਮ ਕਰਦਿਆਂ ਕਿਹਾ ਕਿ ਜੋ ਕੁਝ ਹੋਇਆ ਉਹ ਬੇਹੱਦ ਅਫ਼ਸੋਸਨਾਕ ਹੈ। ਸੈਨਾ ਨੇ ਦੱਸਿਆ ਕਿ ਗੋਲੀਬਾਰੀ ਦੀ ਇਸ ਘਟਨਾ ਦੌਰਾਨ ਇਕ ਫੌਜੀ ਮਾਰਿਆ ਗਿਆ ਤੇ ਕਈ ਹੋਰ ਫੌਜੀ ਜ਼ਖ਼ਮੀ ਹੋ ਗਏ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਅਸਲ ਗਿਣਤੀ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ, ਕਿਉਂਕਿ 13 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਗੰਭੀਰ ਜ਼ਖ਼ਮੀਆਂ ਵਿਚੋਂ ਕੁਝ ਨੇ ਗੁਆਂਢੀ ਰਾਜ ਅਸਾਮ ਦੇ ਹਸਪਤਾਲਾਂ ਵਿਚ ਦਮ ਤੋੜ ਦਿੱਤਾ। ਮੁੱਖ ਮੰਤਰੀ ਨੈਫਿਊ ਰੀਓ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਉਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ।