ਪੰਜਾਬ ਭਰ ‘ਚ ਰੇਲ ਰੋੋਕੋ ਅੰਦੋਲਨ ਭਲਕੇ ਤੋਂ ਹੋਵੇਗਾ ਆਰੰਭ, 20 ਦਸੰਬਰ ਨੂੰ ਪੰਜ ਸਥਾਨਾਂ ‘ਤੇ ਰੋਕੀਆਂ ਜਾਣਗੀਆਂ ਰੇਲਾਂ
ਪੰਜਾਬ ਭਰ ‘ਚ ਰੇਲ ਰੋੋਕੋ ਅੰਦੋਲਨ ਭਲਕੇ ਤੋਂ ਹੋਵੇਗਾ ਆਰੰਭ,
20 ਦਸੰਬਰ ਨੂੰ ਪੰਜ ਸਥਾਨਾਂ ‘ਤੇ ਰੋਕੀਆਂ ਜਾਣਗੀਆਂ ਰੇਲਾਂ
ਅੰਮ੍ਰਿਤਸਰ 19 ਦਸੰਬਰ (ਪ.ਨ. ਟੀਮ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 20 ਦਸੰਬਰ ਤੋਂ ਪੰਜਾਬ ਭਰ ਵਿੱਚ ਸ਼ੁਰੂ ਹੋ ਰਹੇ ਰੇਲ ਰੋਕੋ ਅੰਦੋਲਨ ਦੇ ਸਥਾਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿੱਚ ਮਾਝੇ ਵਿੱਚ ਦੇਵੀਦਾਸਪੁਰਾ ਅੰਮ੍ਰਿਤਸਰ ਤੋਂ ਦਿੱਲੀ ਰੇਲ ਟਰੈਕ, ਤਰਨਤਾਰਨ ਰੇਲਵੇ ਸਟੇਸ਼ਨ, ਮਾਲਵੇ ਵਿੱਚ ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ, ਦੁਆਬੇ ਵਿੱਚ ਦਸੂਹਾ, ਜੰਮੂ ਤੋਂ ਜਲੰਧਰ ਮੇਨ ਟਰੈਕ ਹੁਸ਼ਿਆਰਪੁਰ ਆਦਿ ਥਾਵਾਂ ਉੱਤੇ ਮੋਰਚਾ ਸ਼ੁਰੂ ਕੀਤਾ ਜਾਵੇਗਾ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਰੇਲ ਰੋੋਕ ਅੰਦੋਲਨ ਦੀ ਸਫਲਤਾ ਲਈ ਕਨਵੈਨਸ਼ਨ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਖਿਲਾਫ 20 ਦਸੰਬਰ ਦਾ ਰੇਲ ਰੋਕੂ ਅੰਦੋਲਨ ਸਰਕਾਰ ਦੇ 2017 ਦੇ ਕੀਤੇ ਵਾਅਦੇ ਯਾਦ ਕਰਵਾਏਗਾ ਕਿ ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਮਾਫ, ਘਰ-ਘਰ ਨੌਕਰੀ, ਨਸ਼ਿਆਂ ਦਾ ਖਾਤਮਾ, ਆਦਿ ਮੰਗਾਂ ਉਤੇ ਹਾਲਾਂ ਹੀ ਖੜ੍ਹੇ ਹੋਏ ਮਸਲੇ ਜਿਵੇਂ ਗੜ੍ਹੇਮਾਰੀ ਵਿਚ ਹੋਏ ਨੁਕਸਾਨ ਦਾ ਮੁਆਵਜ਼ਾ, ਗੰਨੇ ਦੀ ਬਕਾਇਆ ਰਾਸ਼ੀ, ਬਿਜਲੀ ਦੇ ਬਿੱਲ ਬਕਾਇਆ ਮਾਫ ਵੀ ਅਜੇ ਅੱਧ ਅਧੂਰੇ ਹਨ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਇਹਨਾਂ ਮੁਦਿਆਂ ਨੂੰ ਲੇੈ ਕੇ ਚੰਨੀ ਸਰਕਾਰ ਦੇ ਖਿਲਾਫ ਰੇਲ ਰੋਕੂ ਅੰਦੋਲਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।