ਪੰਜਾਬੀ ਯੂਨੀਵਰਸਿਟੀ ਦੀ ਡਾਕਟਰ ਨੇ ਤਿਆਰ ਕੀਤੀ ਕਿੰਨੂ ਦੇ ਛਿਲਕੇ ਤੋਂ ਪੋਲਟਰੀ ਫੀਡ

ਪਟਿਆਲਾ : Punjabi University ਦੀ ਪ੍ਰੋਫੈਸਰ ਡਾ. ਮਿੰਨੀ ਸਿੰਘ ਨੇ ਕਿੰਨੂ ਦੇ ਛਿਲਕੇ ਤੋਂ ਮੁਰਗੀਆਂ ਲਈ ਫੀਡ ਤਿਆਰ ਕਰ ਕੇ ਯੂਨੀਵਰਸਿਟੀ ਦਾ ਮੁਕਾਮ ਹੋਰ ਬੁਲੰਦ ਕੀਤਾ ਹੈ। Punjab Agro Juices Limited ਚੰਡੀਗੜ੍ਹ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ‘Limopan’ ਨਾਮੀ ਇਕ ਦਵਾਈ ਦੀ ਤਕਨਾਲੋਜੀ ਨੂੰ ਜੱਗਰਨੌਟ ਹੌਸਪਿਟੈਲਿਟੀ, ਸਰਵਿਸਿਜ਼, ਪੂਨੇ ਲਈ ਤਬਦੀਲ ਕੀਤਾ ਗਿਆ ਹੈ। ਕਿੰਨੂ ਦੇ ਛਿਲਕੇ ਤੋਂ ਤਿਆਰ ਕੀਤਾ ਜਾਣ ਵਾਲਾ ਇਹ ਪ੍ਰੋਡਕਟ ਮੁਰਗੀਆਂ ਦੀ ਖ਼ੁਰਾਕ ਭਾਵ ਪੋਲਟਰੀ ਫੀਡ ਲਈ ਵਰਤੋਂ ‘ਚ ਲਿਆਂਦਾ ਜਾ ਸਕਣ ਵਾਲਾ ਇਕ ਸਪਲੀਮੈਂਟ ਹੈ, ਜਿਸ ‘ਚ ਐਂਟੀਬਾਇਓਟਿਕਸ ਦਾ ਬਦਲ ਬਣਨ ਦੀ ਸਮਰੱਥਾ ਹੈ।

ਵਾਈਸ ਚਾਂਸਲਰ ਡਾ. ਬੀਐੱਸ. ਘੁੰਮਣ ਨੇ ਬਾਇਓਤਕਨਾਲੋਜੀ ਵਿਭਾਗ ਦੇ Dr. Minni Singh ਦੀ ਅਗਵਾਈ ਵਾਲੀ ਖੋਜ ਟੀਮ ਅਤੇ ਇਸ ਪ੍ਰੋਡਕਟ ਲਈ ਯੂਨੀਵਰਸਿਟੀ ਨਾਲ ਸਾਂਝੇਦਾਰੀ ਕਾਇਮ ਕਰਨ ਵਾਲੇ ਅਦਾਰੇ ਪੰਜਾਬ ਐਗਰੋ ਜੂਸਜ਼ ਲਿਮਟਿਡ, ਵਿਸ਼ੇਸ਼ ਤੌਰ ‘ਤੇ ਅਦਾਰੇ ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਬਰਾੜ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੋਜ ਦਾ ਤਕਨਾਲੋਜੀ ਟਰਾਂਸਫਰ ਦੇ ਪੱਧਰ ਤਕ ਪੁੱਜਣਾ ਕਿਸੇ ਵੀ ਅਦਾਰੇ ਲਈ ਬੇਹੱਦ ਮਾਣ ਵਾਲੀ ਗੱਲ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਲਈ ਇਹ ਮਾਣ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਇੱਥੇ ਹੋ ਰਹੀਆਂ ਇਹ ਖੋਜਾਂ ਸਿੱਧੇ ਤੌਰ ‘ਤੇ ਲੋਕਾਂ ਲਈ ਕਾਰਗਰ ਹਨ। ਉਨ੍ਹਾਂ ਦੱਸਿਆ ਕਿ ਤਾਜ਼ਾ ਖੋਜ ‘ਚ ਤਿਆਰ ਕੀਤੀ ਗਈ ਦਵਾਈ ਦੀ ਵਰਤੋਂ ਪੋਲਟਰੀ ਇੰਡਸਟਰੀ ‘ਚ ਐਂਟੀਬਾਇਓਟਿਕਸ ਦੀ ਵਰਤੋਂ ਨੂੰ ਘੱਟ ਕਰਨ ‘ਚ ਮਦਦਗਾਰ ਸਿੱਧ ਹੋਵੇਗੀ। ਇਸ ਨਾਲ ਪੋਲਟਰੀ ਜੀਵਾਂ ਦੀ ਸਿਹਤ ਉੱਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਬਚਾਅ ਹੋਵੇਗਾ। ਇਸ ਖੋਜ ਤੋਂ ਪਹਿਲਾਂ ਹਲਦੀ-ਦੁੱਧ ਸਬੰਧੀ ਤਕਨਾਲੋਜੀ ਦੇ ਇਸ ਪੱਧਰ ‘ਤੇ ਪੁੱਜਣ ਉਪਰੰਤ ਵੇਰਕਾ ਇਸ ਤੋਂ ਪ੍ਰੋਡਕਟ ਤਿਆਰ ਕਰ ਕੇ ਮਾਰਕੀਟ ‘ਚ ਉਤਾਰ ਚੁੱਕਾ ਹੈ, ਜਿਸ ਦੀ ਨੂੰ ਕਾਫ਼ੀ ਸ਼ਲਾਘਾ ਪ੍ਰਾਪਤ ਹੋ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦੁੱਧ ਵਿੱਚੋਂ ਰਸਾਇਣਕ ਤੱਤ ਲੱਭਣ ਲਈ ਤਿਆਰ ਕੀਤੇ ਗਏ ਇਕ ਬਾਇਓ-ਯੰਤਰ ਨੂੰ ਵੀ ਕੁਝ ਸਮਾਂ ਪਹਿਲਾਂ ਪੇਟੈਂਟ ਪ੍ਰਾਪਤ ਹੋਇਆ ਹੈ।

ਡਾ. ਮਿੰਨੀ ਸਿੰਘ 9 ਸਾਲ ਤੋਂ ਕਰ ਰਹੇ ਸਨ ਖੋਜ

ਡਾ. ਮਿੰਨੀ ਸਿੰਘ ਨੇ ਦੱਸਿਆ ਕਿ ਸਮੁੱਚੀ ਟੀਮ ਵੱਲੋਂ ਪਿਛਲੇ 9 ਸਾਲ ਤੋਂ ਇਸ ਦਿਸ਼ਾ ‘ਚ ਖੋਜ ਕੀਤੀ ਜਾ ਰਹੀ ਸੀ। ਉਨ੍ਹਾਂ ਵਾਈਸ ਚਾਂਸਲਰ ਡਾ. ਬੀਐੱਸ ਘੁੰਮਣ ਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਬਰਾੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੁਯੋਗ ਅਗਵਾਈ ‘ਚ ਉਹ ਇਸ ਪੱਧਰ ਤਕ ਪਹੁੰਚਣ ‘ਚ ਕਾਮਯਾਬ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਵੱਡੇ ਪੱਧਰ ਤੇ ਕਿੰਨੂ ਦਾ ਉਤਪਾਦਨ ਹੁੰਦਾ ਹੈ ਤੇ ਇਸ ਤੋਂ ਜੂਸ ਤਿਆਰ ਕਰਦੇ ਸਮੇਂ ਕਿੰਨੂ ਦੇ ਛਿੱਲੜ ਨੂੰ ਫਾਲਤੂ ਪਦਾਰਥ ਮੰਨ ਕੇ ਨਸ਼ਟ ਕਰ ਦਿੱਤਾ ਜਾਂਦਾ ਹੈ ਪਰ ਇਸ ਤਕਨਾਲੋਜੀ ਜ਼ਰੀਏ ਛਿੱਲੜ ਤੋਂ ਤਿਆਰ ਇਹ ਪ੍ਰੋਡਕਟ ਪੋਲਟਰੀ ‘ਚ ਕਿੱਤਾਮੁਖੀ ਰੂਪ ‘ਚ ਵਰਤਿਆ ਜਾ ਸਕੇਗਾ। ਆਮ ਤੌਰ ਤੇ ਪੋਲਟਰੀ ਇੰਡਸਟਰੀ ‘ਚ ਬਹੁਤ ਸਾਰੇ ਲੋਕ ਗ਼ੈਰ ਕਾਨੂੰਨੀ ਤਰੀਕੇ ਨਾਲ ਐਂਟੀਬਾਇਓਟਿਕਸ ਦੀ ਵਰਤੋਂ ਕਰਦੇ ਹਨ। ਹੁਣ ਉਨ੍ਹਾਂ ਕੋਲ ਇਸ ਦਾ ਇਕ ਚੰਗਾ ਬਦਲ ਹੋਵੇਗਾ ਤੇ ਇਸ ਨਾਲ ਇਸ ਕਿੱਤੇ ‘ਚ ਦਵਾਈਆਂ ਦੀ ਵਰਤੋਂ ਨੂੰ ਠੱਲ੍ਹ ਪਵੇਗੀ।

Leave a Reply

Your email address will not be published.