DGP ਸੁਮੇਧ ਸੈਣੀ SIT ਸਾਹਮਣੇ ਪੇਸ਼

ਮੋਹਾਲੀ : ਸਾਬਕਾ IAS ਅਫ਼ਸਰ ਦੇ ਲਡ਼ਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਤੇ ਉਸ ਦੀ ਲਾਸ਼ ਖੁਰਦ-ਬੁਰਦ ਕਰਨ ਦੇ ਮਾਮਲੇ ‘ਚ ਨਾਮਜ਼ਦ ਸਾਬਕਾ DGP ਸੁਮੇਧ ਸੈਣੀ ਸੋਮਵਾਰ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ SIT ਸਾਹਮਣੇ ਪੇਸ਼ ਹੋਏ। ਸੈਣੀ ਆਪਣੀ ਇਨੋਵਾ ਕਾਰ ‘ਚ ਸਵੇਰੇ 11.10 ‘ਤੇ ਆਪਣੀ ਸਕਿਊਰਿਟੀ ਨਾਲ ਮਟੌਰ ਥਾਣੇ ਪੁੱਜੇ। ਸੈਣੀ ਮਟੌਰ ਥਾਣੇ ਦੇ ਬਾਹਰ ਆਪਣੀ ਗੱਡੀ ਤੋਂ ਉੱਤਰੇ ਜਿਨ੍ਹਾਂ ਨੂੰ SHO Rajeev Kumar ਖ਼ੁਦ ਗੇਟ ਤਕ ਲੈਣ ਆਏ ਸਨ ਜਿਸ ਤੋਂ ਬਾਅਦ ਸੈਣੀ ਸਿੱਧੇ ਐੱਸਐੱਚਓ ਦੇ ਕਮਰੇ ‘ਚ ਗਏ ਜਿੱਥੇ ਐੱਸਆਈਟੀ ‘ਚ ਸ਼ਾਮਲ ਐੱਸਪੀ ਹਰਮਨਦੀਪ ਹੰਸ, ਡੀਐੱਸਪੀ ਵਿਕਰਮ ਬਰਾਡ਼, ਡੀਐੱਸਪੀ ਜਸਵਿੰਦਰ ਟਿਵਾਨਾ ਤੇ ਐੱਸਐੱਚਓ ਰਾਜੀਵ ਕੁਮਾਰ ਨੇ ਉਨ੍ਹਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ। ਸੈਣੀ ਨਾਲ ਜਦੋਂ ਮੀਡੀਆ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਛੇਤੀ ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਨਗੇ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੈਣੀ ਤੋਂ ਮੁਲਤਾਨੀ ਮਾਮਲੇ ‘ਚ SIT 250 ਸਵਾਲ ਕਰ ਚੁੱਕੀ ਹੈ ਪਰ ਸੈਣੀ ਦੇ 5 ਸਾਲਾਂ ਤੋਂ ਐੱਸਆਈਟੀ ਸੰਤੁਸ਼ਟ ਨਹੀਂ ਹੋਈ ਸੀ, ਇਸ ਲਈ ਸੈਣੀ ਨੂੰ ਦੁਬਾਰਾ ਪੁੱਛਗਿੱਛ ਲਈ ਨੋਟਿਸ ਭੇਜਿਆ ਸੀ। ਸੋਮਵਾਰ ਨੂੰ ਵੀ ਪਬਲਿਕ ਡੀਲਿੰਗ ਬੰਦ ਕਰ ਦਿੱਤੀ ਗਈ ਸੀ। ਮਟੌਰ ਥਾਣੇ ਦਾ ਮੁੱਖ ਗੇਟ ਬੰਦ ਕਰ ਦਿੱਤਾ ਗਿਆ ਸੀ। ਥਾਣੇ ‘ਚ ਸ਼ਿਕਾਇਤ ਦੇਣ ਆਉਣ ਵਾਲਿਆਂ ਨੂੰ ਸ਼ਾਮ ਨੂੰ ਬੁਲਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਐੱਸਆਈਟੀ ਵੱਲੋਂ ਜਾਂਚ ਵਿਚ ਸ਼ਾਮਲ ਹੋਣ ਲਈ ਸੈਣੀ ਨੂੰ ਨੋਟਿਸ ਭੇਜ ਕੇ ਸਭ ਤੋਂ ਪਹਿਲਾਂ 23 ਸਤੰਬਰ ਨੂੰ 11 ਵਜੇ ਥਾਣਾ ਮਟੌਰ ‘ਚ ਸਪੈਸ਼ਲ ਜਾਂਚ ਟੀਮ ਦੇ ਸਾਹਮਣੇ ਬੁਲਾਇਆ ਗਿਆ ਸੀ ਪਰ ਉਹ ਪੇਸ਼ ਨਹੀਂ ਹੋਏ। ਉਨ੍ਹਾਂ ਆਪਣੇ ਵਕੀਲ ਜ਼ਰੀਏ 22 ਸਤੰਬਰ ਨੂੰ ਜਾਂਚ ਟੀਮ ਨੂੰ ਇਕ ਮੈਸੇਜ ਭੇਜ ਕੇ ਸੂਚਨਾ ਦਿੱਤੀ ਸੀ ਕਿ 23 ਸਤੰਬਰ ਨੂੰ ਸਿਹਤ ਠੀਕ ਨਾ ਹੋਣ ਕਾਰਨ ਉਹ ਥਾਣੇ ਪੇਸ਼ ਨਹੀਂ ਹੋ ਸਕਦੇ। ਪਰ ਸਾਬਕਾ ਡੀਜੀਪੀ ਸੁਮੇਧ ਸੈਣੀ 25 ਸਤੰਬਰ ਕਿਸਾਨ ਰੈਲੀ ਵਾਲੇ ਦਿਨ ਜਦੋਂ ਜ਼ਿਲ੍ਹੇ ਦੀ ਸਾਰੀ ਪੁਲਿਸ ਰੁੱਝੀ ਹੋਈ ਸੀ, ਅਚਾਨਕ SIT ਸਾਹਮਣੇ ਪੇਸ਼ ਹੋਣ ਲਈ ਐੱਸਐੱਸਪੀ ਦਫ਼ਤਰ ਪਹੁੰਚ ਗਏ ਸਨ। ਜਿੱਥੇ ਉਹ ਐੱਸਆਈਟੀ ਦੇ ਇੰਚਾਰਜ ਹਰਮਨ ਸਿੰਘ ਹੰਸ ਅੱਗੇ ਪੇਸ਼ ਹੋਏ, ਪਰ ਐੱਸਪੀ ਹੰਸ ਵੱਲੋਂ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਗਿਆ ਕਿ ਜਦੋਂ SIT ਸੈਣੀ ਜਾਂ ਉਨ੍ਹਾਂ ਦੇ ਵਕੀਲ ਨੂੰ ਨੋਟਿਸ ਭੇਜੇਗੀ, ਉਹ ਉਸ ਵੇਲੇ ਜਾਂਚ ਵਿਚ ਸ਼ਾਮਲ ਹੋਣ ਆ ਜਾਣ। ਉਨ੍ਹਾਂ ਨੂੰ ਦੁਬਾਰਾ 26 ਸਤੰਬਰ ਲਈ ਨੋਟਿਸ ਭੇਜਿਆ ਗਿਆ ਸੀ। ਪੁਲਿਸ ਵੱਲੋਂ ਸੁਮੇਧ ਸੈਣੀ ਦੇ ਚੰਡੀਗਡ਼੍ਹ ਸੈਕਟਰ-20 ਸਥਿਤ ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਗਿਆ ਸੀ। ਸੈਣੀ 28 ਸਤੰਬਰ ਨੂੰ 11 ਵਜੇ ਥਾਣਾ ਮਟੌਰ ‘ਚ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਏ ਸਨ ਪਰ ਉਨ੍ਹਾਂ ਦੇ ਜਵਾਬਾਂ ਤੋਂ ਸੰਤੁਸ਼ਟ ਨਾ ਹੋ ਕੇ ਸੈਣੀ ਨੂੰ 30 ਸਤੰਬਰ ਨੂੰ ਦੁਬਾਰਾ ਨੋਟਿਸ ਭੇਜ ਕੇ ਜਾਂਚ ਵਿਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਸੀ ਪਰ ਉਸ ਵੇਲੇ ਵੀ ਉਨ੍ਹਾਂ ਆਪਣੇ ਵਕੀਲ ਜ਼ਰੀਏ ਮੈਸੇਜ ਭੇਜਿਆ ਸੀ ਕਿ ਉਹ ਦਿੱਲੀ ‘ਚ ਹਨ ਤੇ ਡਾਕਟਰਾਂ ਨੇ ਉਨ੍ਹਾਂ ਨੂੰ ਟ੍ਰੈਵਲ ਕਰਨ ਤੋਂ ਮਨ੍ਹਾਂ ਕੀਤਾ ਹੈ।

Leave a Reply

Your email address will not be published. Required fields are marked *