Farmer’s Protest Punjab: ਪੰਜਾਬ ‘ਚ ਮੁੜ ਮਾਲਗੱਡੀਆਂ ਦੇ ਚੱਕੇ ਜਾਮ

ਜਲੰਧਰ : ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ‘ਚ ਲਿਆਂਦੇ ਗਏ ਖੇਤੀ ਬਿੱਲਾਂ ਤੋਂ ਬਾਅਦ ਕਿਸਾਨ ਸੰਗਠਨਾਂ ਨੇ ਰੇਲਵੇ ਟਰੈਕਾਂ ਤੋਂ ਧਰਨਾ ਖ਼ਤਮ ਕਰ ਦਿੱਤਾ ਸੀ। ਤਿੰਨ-ਚਾਰ ਦਿਨਾਂ ਤੋਂ ਪੰਜਾਬ ‘ਚ ਮਾਲਗੱਡੀਆਂ ਦੀ ਆਵਾਜਾਈ ਸੁਚਾਰੂ ਹੋ ਗਈ ਸੀ, ਪਰ ਸੋਮਵਾਰ ਨੂੰ ਇਕ ਵਾਰ ਫਿਰ ਕੁਝ ਕਿਸਾਨ ਜਥੇਬੰਦੀਆਂ ਨਾਲ ਜੁਡ਼ੇ ਕਿਸਾਨ ਸੰਗਰੂਰ ‘ਚ ਰੇਲਵੇ ਟਰੈਕਾਂ ‘ਤੇ ਧਰਨੇ ‘ਤੇ ਬੈਠ ਗਏ। ਇਸ ਨਾਲ ਮਾਲਗੱਡੀਆਂ ਦੀ ਆਵਾਜਾਈ ਮੁੜ ਰੁਕ ਗਈ ਹੈ। ਕੁਝ ਮਾਲਗੱਡੀਆਂ ਜਲੰਧਰ ‘ਚ ਖੜ੍ਹੀਆਂ ਹੋ ਗਈਆਂ ਹਨ।
ਅਸਲ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਸਿਰਫ਼ ਮਾਲਗੱਡੀਆਂ ਚਲਾ ਕੇ ਖ਼ੁਰਾਕੀ ਤੇ ਜ਼ਰੂਰੀ ਸਾਮਾਨ ਪਹੁੰਚਾਉਣ ਲਈ ਹੀ ਟਰੈਕ ਖ਼ਾਲੀ ਕੀਤੇ ਗਏ ਸਨ, ਪਰ ਅੰਬਾਲਾ ਡਵੀਜ਼ਨ ਵੱਲੋਂ ਖ਼ਾਲੀ ਯਾਤਰੀ ਟ੍ਰੇਨਾਂ ਨੂੰ ਇਕ ਤੋਂ ਦੂਸਰੀ ਜਗ੍ਹਾ ਸ਼ਿਫਟ ਕਰਨਾ ਸ਼ੁਰੂ ਕਰ ਦਿੱਤਾ ਗਿਆ। ਕਿਸਾਨਾਂ ਨੂੰ ਲੱਗਿਆ ਕਿ ਰੇਲਵੇ ਵੱਲੋਂ ਯਾਤਰੀ ਟ੍ਰੇਨਾਂ ਚਲਾ ਦਿੱਤੀਆਂ ਗਈਆਂ ਹਨ ਜਿਸ ਕਾਰਨ ਰੋਹ ‘ਚ ਆ ਕੇ ਕਿਸਾਨਾਂ ਨੇ ਸੋਮਵਾਰ ਨੂੰ ਰੇਲਵੇ ਟਰੈਕਾਂ ‘ਤੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਇਸ ਵਜ੍ਹਾ ਨਾਲ ਪਾਨੀਪਤ ਤੋਂ ਪੈਟਰੋਲ ਲਿਆਉਣ ਲਈ ਜਲੰਧਰ ਤੋਂ ਖ਼ਾਲੀ ਟ੍ਰੇਨ ਭੇਜੀ ਜਾਣੀ ਸੀ ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ।
ਦੱਸ ਦੇਈਏ 2 ਦਿਨ ਪਹਿਲਾਂ ਵੀ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾਣ ਦੀ ਵਜ੍ਹਾ ਨਾਲ ਟ੍ਰੇਨਾਂ ਰੱਦ ਕਰ ਕੇ ਰੋਕ ਲਈਆਂ ਗਈਆਂ ਸਨ। ਡੀਆਰਐੱਮ ਰਾਜੇਸ਼ ਅਗਰਵਾਲ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਵਾਰ-ਵਾਰ ਰੇਲਵੇ ਟ੍ਰੈਕ ‘ਤੇ ਪ੍ਰਦਰਸ਼ਨ ਕੀਤੇ ਜਾਣ ਦੀ ਵਜ੍ਹਾ ਨਾਲ ਅਗਲੇ 4 ਦਿਨਾਂ ਲਈ ਮਾਲਗੱਡੀਆਂ ਦੀ ਸਪਲਾਈ ਰੋਕ ਦਿੱਤੀ ਗਈ ਹੈ।

Leave a Reply

Your email address will not be published.