ਬੇਰੁਜ਼ਗਾਰ ਅਧਿਆਪਕਾਂ ਨੇ ਹੌਲਦਾਰ ਦੀ ਪਾੜੀ ਵਰਦੀ; ਪੁਲਿਸ ਨੇ ਦਰਜ ਕੀਤਾ ਪਰਚਾ

ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਰਿਹਾਇਸ਼ ਮੋਤੀ ਮਹਿਲ ਨੂੰ ਘੇਰਨ ਗਏ ਬੇਰੁਜ਼ਗਾਰ ਅਧਿਆਪਕਾਂ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ ਗਿਆ ਹੈ। ਪੁਲਿਸ ਕੋਲ ਦਰਜ ਕੇਸ ਮੁਤਾਬਿਕ ਪ੍ਰਦਰਸ਼ਨਕਾਰੀਆਂ ਵਲੋਂ ਧੱਕਾ ਮੁੱਕੀ ਕਰਦਿਆਂ ਇਕ ਹੌਲਦਾਰ ਦੀ ਵਰਦੀ ਵੀ ਪਾੜ ਦਿੱਤੀ ਗਈ ਤੇ ਹੋਰ ਮੁਲਾਜ਼ਮਾਂ ਦੇ ਵੀ ਸੱਟਾਂ ਲੱਗੀਆਂ ਹਨ।

ਥਾਣਾ ਕੋਤਵਾਲੀ ਵਿਖੇ ਮਾਡਲ ਟਾਊਨ ਪੁਲਿਸ ਚੌਂਕੀ ਦੇ ਹੌਲਦਾਰ ਰਣਜੋਧ ਸਿੰਘ ਨੇ ਬਿਆਨ ਦਰਜ ਕਰਵਾਇਆ ਹੈ ਕਿ ਬੀਤੇ ਦਿਨ ਉਹ ਪੁਲਿਸ ਟੀਮ ਸਮੇਤ ਸ਼ੀਤਲ ਢਾਬਾ ਕੋਲ ਮੋਜੂਦ ਸੀ। ਇਸ ਦੌਰਾਨ ਹੀ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਆਗੂ ਜਗਸੀਰ ਸਿੰਘ, ਸੁਖਵਿੰਦਰ ਸਿੰਘ ਤੇ ਹੋਰ ਵਿਅਕਤੀ ਇੱਕਠੇ ਹੋ ਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸਨ। ਰਣਜੋਧ ਸਿੰਘ ਅਨੁਸਾਰ ਪੁਲਿਸ ਟੀਮ ਨੇ ਇਨ੍ਹਾਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਤਾਂ ਤਕਰਾਰਬਾਜ਼ੀ ਕਰਨ ਲੱਗ ਪਏ ਤੇ ਪੁਲਿਸ ਟੀਮ ‘ਤੇ ਹਮਲਾ ਕਰ ਦਿੱਤਾ। ਧੁੱਕੀ ਮੁੱਕੀ ਦੌਰਾਨ ਹੌਲਦਾਰ ਜਗਤਾਰ ਸਿੰਘ ਦੀ ਵਰਦੀ ਪਾੜ ਦਿੱਤੀ ਤੇ ਹੋਰ ਪੁਲਿਸ ਮੁਲਾਜ਼ਮਾਂ ਦੇ ਮਾਮੂਲੀ ਸੱਟਾਂ ਲੱਗੀਆਂ। ਥਾਣਾ ਕੋਤਵਾਲੀ ਪੁਲਿਸ ਨੇ ਹੌਲਦਾਰ ਰਣਜੋਧ ਸਿੰਘ ਦੀ ਸ਼ਿਕਾਇਤ ‘ਤੇ ਜਗਸੀਰ ਸਿੰਘ ਘੁੰਮਣ, ਸੁਖਵਿੰਦਰ ਸਿੰਘ ਢਿਲਵਾਂ ਤੇ ਹੋਰ ਅਣਪਛਾਤੇ ਵਿਅਕਤੀ ਤੇ ਔਰਤਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਦੱਸ ਦੇਈਏ ਕਿ ਐਤਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਸ਼ਹਿਰ ਵਿਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਪੁੱਜੇ ਹੋਏ ਸਨ। ਸਵੇਰੇ ਪਿੰਡ ਸਿੱਧੂਵਾਲ ਵਿਖੇ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਜਦੋਂ ਮੁੱਖ ਮੰਤਰੀ ਦਾ ਕਾਫਲਾ ਸ਼ਹਿਰ ਵੱਲ ਵਧਿਆ ਤਾਂ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਮੈਂਬਰ ਵੀ ਇਕੱਤਰ ਹੋਣੇ ਸ਼ੁਰੂ ਹੋ ਗਏ ਤੇ ਮੁੱਖ ਮੰਤਰੀ ਨੂੰ ਮੋਤੀ ਮਹਿਲ ਵਿਚ ਘੇਰਨ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਰੈਲੀ ਦੇ ਰੂਪ ਵਿਚ ਬੇਰੁਜ਼ਗਾਰ ਅਧਿਆਪਕਾਂ ਨੇ ਮਹਿਲ ਵੱਲ ਕੂਚ ਕੀਤਾ ਤਾਂ ਰਸਤੇ ਵਿਚ ਪੈਂਦੇ ਨਾਭਾ ਗੇਟ ਵਿਖੇ ਪੁਲਿਸ ਦੇ ਪ੍ਰਦਰਸ਼ਨਕਾਰੀ ਆਹਮੋ-ਸਾਹਮਣੇ ਹੋ ਗਏ। ਜਿਸ ਸਬੰਧੀ ਅਗਲੇ ਦਿਨ ਬੇਰੁਜ਼ਗਾਰਾਂ ‘ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ।

Leave a Reply

Your email address will not be published.