ਚੰਡੀਗਡ਼੍ਹ ‘ਚ ਦੇਰ ਰਾਤ ਬਿਜ਼ਨੈੱਸਮੈਨ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਕੁਲੈਕਸ਼ਨ ਦੇ 3.5 ਲੱਖ ਰੁਪਏ ਲੁੱਟੇ
ਚੰਡੀਗਡ਼੍ਹ : ਸ਼ਹਿਰ ‘ਚ ਦੇਰ ਰਾਤ ਬੇਖ਼ੌਫ਼ ਅਪਰਾਧੀ ਲਗਾਤਾਰ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਰਹੇ ਹਨ। ਸ਼ਹਿਰ ‘ਚ ਕਈ ਗੋਲ਼ੀਕਾਂਡਾਂ ਤੋਂ ਬਾਅਦ ਹੁਣ ਸੋਮਵਾਰ ਰਾਤ ਬਿਜ਼ਨੈੱਸਮੈਨ ‘ਤੇ ਧਾਰਦਾਰ ਹਥਿਆਰ ਨਾਲ ਹਮਲਾ ਕਰ ਕੇ 6-7 ਮੁਲਜ਼ਮਾਂ ਨੇ ਸਾਢੇ ਤਿੰਨ ਲੱਖ ਰੁਪਏ ਲੁੱਟ ਲਏ। GMSH 16 ‘ਚ ਜ਼ੇਰੇ ਇਲਾਜ ਬਿਜ਼ਨੈੱਸਮੈਨ ਮਨੀਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਸਬੰਧਤ ਥਾਣਾ ਪੁਲਿਸ ਜਾਂਚ ਵਿਚ ਲੱਗੀ ਹੋਈ ਹੈ।
ਸ਼ਿਕਾਇਤਕਰਤਾ ਮਨੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਮਲੋਇਆ ਤੇ ਪੰਜਾਬ ਬਾਰਡਰ ‘ਤੇ ਨਿਰਮਲ ਮੈਟਰੈੱਸ ਨਾਂ ਦੀ ਫੈਕਟਰੀ ਹੈ। ਸੋਮਵਾਰ ਦੇਰ ਰਾਤ ਦੋ ਨੌਜਵਾਨਾਂ ਨੇ ਆ ਕੇ ਉਨ੍ਹਾਂ ਦੇ ਗੁਆਂਢੀ ਫੈਕਟਰੀ ਮਾਲਕ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਨੂੰ ਦੇਖ ਕੇ ਉਹ ਕੁੱਟਮਾਰ ਕਰਨ ਵਾਲੇ ਦੋਵਾਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਲੱਗੇ ਜਿਸ ਤੋਂ ਬਾਅਦ ਦੋਵੇਂ ਮੁਲਜ਼ਮ ਉੱਥੋਂ ਚਲੇ ਗਏ ਤੇ ਥੋਡ਼੍ਹੀ ਦੇਰ ‘ਚ 6 ਤੋਂ 7 ਲੋਕਾਂ ਨੂੰ ਦੁਬਾਰਾ ਲੈ ਕੇ ਆ ਗਏ।
ਇਸ ਵਾਰ ਮੁਲਜ਼ਮਾਂ ਨੇ ਬਿਜ਼ਨੈੱਸਮੈਨ ਮਨੀਸ਼ ਕੁਮਾਰ ਨਾਲ ਕੁੱਟਮਾਰ ਕਰਨ ਦੇ ਨਾਲ ਧਾਰਦਾਰ ਹਥਿਆਰ ਨਾਲ ਹਮਲਾ ਵੀ ਕੀਤਾ। ਮਨੀਸ਼ ਕੁਮਾਰ ਹਥਿਆਰ ਤੋਂ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ। ਇਸੇ ਦੌਰਾਨ ਮੁਲਜ਼ਮਾਂ ਨੇ ਉਨ੍ਹਾਂ ਦੀ ਜੇਬ ‘ਚੋਂ ਸਾਢੇ ਤਿੰਨ ਲੱਖ ਰੁਪਿਆਂ ਦੀ ਲੁੱਟ ਕਰ ਲਈ।
ਬਿਜ਼ਨੈੱਸ ‘ਚ ਮਨੀਸ਼ ਕੁਮਾਰ ਨੇ ਦੱਸਿਆ ਕਿ ਐਤਵਾਰ ਦੀ ਬੰਦੀ ਤੋਂ ਬਾਅਦ ਸੋਮਵਾਰ ਨੂੰ ਕਈ ਜਗ੍ਹਾ ਨਾਲ ਕੁਲੈਕਸ਼ਨ ਦੇ ਪੈਸੇ ਆਏ ਸਨ। ਰਾਤ ਵੇਲੇ ਪੈਸੇ ਕੁਲੈਕਟ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਆਪਣੇ ਕੋਲ ਰੱਖ ਕੇ ਘਰ ਲੈ ਜਾ ਰਹੇ ਸਨ। ਦੂਸਰੇ ਦਿਨ ਪੈਸੇ ਨੂੰ ਬੈਂਕ ਅਕਾਊਂਟ ‘ਚ ਟਰਾਂਸਫਰ ਕਰਨਾ ਸੀ। ਇਸ ਤੋਂ ਪਹਿਲਾਂ ਹੀ ਮੁਲਜ਼ਮ ਪੈਸੇ ਲੁੱਟ ਕੇ ਫਰਾਰ ਹੋ ਗਏ।