ਪੰਜਾਬ ‘ਚ ਦੋ ਜਗ੍ਹਾ ਦਿਲ ਕੰਬਾਊ ਸੜਕ ਹਾਦਸੇ, ਪਤੀ-ਪਤਨੀ ਸਣੇ ਚਾਰ ਲੋਕਾਂ ਦੀ ਮੌਤ

ਫਿਰੋਜ਼ਪੁਰ/ਰਾਮਪੁਰਾ ਫੂਲ : ਪੰਜਾਬ ‘ਚ ਅੱਜ ਦੋ ਜਗ੍ਹਾ ਦਰਦਨਾਕ ਹਾਦਸੇ ਵਾਪਰੇ ਜਿਸ ਵਿਚ ਚਾਰ ਲੋਕਾਂ ਦੀ ਜਾਨ ਚਲੀ ਗਈ। ਇਕ ਹਾਦਸਾ ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ ਤੇ ਦੂਸਰਾ ਬਠਿੰਡਾ-ਚੰਡੀਗੜ੍ਹ ਰੋਡ ‘ਤੇ ਵਾਪਰਿਆ।

ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ ‘ਤੇ ਸਥਿਤ ਪਿੰਡ ਖਾਈ ਫੇਮੇ ਕੀ ਵਿਖੇ ਬੀਤੀ ਰਾਤ ਦੋ ਟਰੱਕਾਂ ਵਿਚਾਲੇ ਹੋਈ ਆਹਮੋ-ਸਾਹਮਣੀ ਟੱਕਰ ‘ਚ ਦੋਵਾਂ ਟਰੱਕਾਂ ਦੇ ਚਾਲਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋਵਾਂ ਦੇ ਸਹਾਇਕ ਇਸ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਚੌਲਾਂ ਨਾਲ ਭਰਿਆ ਇਕ ਟਰੱਕ ਜੈਪੁਰ ਤੋਂ ਚੱਲ ਕੇ ਵਾਇਆ ਫਿਰੋਜ਼ਪੁਰ ਅੱਗੇ ਨੂੰ ਜਾ ਰਿਹਾ ਸੀ ਕਿ ਮਮਦੋਟ ਦੇ ਨੇੜਲੇ ਪਿੰਡ ਪੋਜੋ ਕੇ ਵਿਖੇ ਜਾਣ ਵਾਲੇ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਚਾਲਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਟਰੱਕਾਂ ਦੇ ਅਗਲੇ ਹਿੱਸੇ ਚਕਨਾਚੂਰ ਹੋ ਗਏ ਅਤੇ ਕਈ ਹਿੱਸੇ ਦੂਰ ਦੂਰ ਤਕ ਜਾ ਡਿੱਗੇ। ਥਾਣਾ ਸਦਰ ਫਿਰੋਜ਼ਪੁਰ ਦੇ ਏਐੱਸਆਈ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਝੋਨੇ ਦਾ ਲੱਦਿਆ ਹੋਇਆ ਇਕ ਟਰੱਕ (ਨੰ. ਆਰ ਜੇ 18 ਜੀ 0441) ਜੋ ਫਿਰੋਜ਼ਪੁਰ ਤੋਂ ਫਾਜ਼ਿਲਕਾ ਸਾਈਡ ਵੱਲ ਜਾ ਰਿਹਾ ਸੀ, ਜੋ ਸਾਹਮਣੇ ਪਾਸਿਓਂ ਆ ਰਹੇ ਇਕ ਹੋਰ ਟਰੱਕ (ਨੰਬਰ ਆਰਜੇ 07 ਜੀਏ 3010) ਨਾਲ ਟਕਰਾ ਗਿਆ।

ਨਤੀਜੇ ਵਜੋਂ ਦੋਵਾਂ ਟਰੱਕਾਂ ਦੇ ਚਾਲਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿ੍ਤਕਾਂ ਦੀ ਪਛਾਣ ਜਸਵੰਤ ਸਿੰਘ ਜੱਸਾ ਪੁੱਤਰ ਸ਼ਿੰਗਾਰਾ ਸਿੰਘ ਕੌਮ ਰਾਏ ਸਿੱਖ ਵਾਸੀ ਵਾਸੀ ਪੋਜੋ ਕੇ ਉਤਾੜ ਥਾਣਾ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਤੇ ਹਰਪ੍ਰੀਤ ਸਿੰਘ ਹੈਪੀ ਪੁੱਤਰ ਸ਼ਿੰਦਰ ਸਿੰਘ ਕੌਮ ਰਾਏ ਸਿੱਖ ਵਾਸੀ ਟਿਵਾਣਾ ਥਾਣਾ ਸਦਰ ਜਲਾਲਾਬਾਦ ਜ਼ਿਲ੍ਹਾ-ਫਾਜ਼ਿਲਕਾ ਵਜੋਂ ਹੋਈ ਹੈ । ਉਨ੍ਹਾਂ ਦੱਸਿਆ ਕਿ ਦੋਵੇਂ ਮ੍ਰਿਤਕ ਚਾਲਕਾਂ ਤੋਂ ਇਲਾਵਾ ਸਹਾਇਕ ਚਾਲਕ ਵੀ ਗੰਭੀਰ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਫ਼ਿਰੋਜ਼ਪੁਰ ਵਿਖੇ ਇਲਾਜ ਲਈ ਭੇਜਿਆ ਗਿਆ ਹੈ।

ਬਠਿੰਡਾ-ਚੰਡੀਗਡ਼੍ਹ ਰੋਡ ‘ਤੇ ਦਰਦਨਾਕ ਹਾਦਸਾ, ਪਤੀ-ਪਤਨੀ ਦੀ ਮੌਤ

ਹੁਣੇ ਹੀ ਬਠਿੰਡਾ-ਚੰਡੀਗਡ਼੍ਹ ਰੋਡ ‘ਤੇ ਰਾਮਪੁਰਾ ਵਿਖੇ ਹੋਏ ਸੜਕ ਹਾਦਸੇ ਦੌਰਾਨ ਪਤੀ-ਪਤਨੀ ਦੀ ਮੌਤ ਹੋ ਗਈ। ਪਤੀ-ਪਤਨੀ ਸਾਈਕਲ ‘ਤੇ ਸਵਾਰ ਹੋ ਕੇ ਆ ਰਹੇ ਸਨ ਤੇ ਇਸ ਬਰਾਂਟੇ ਟਰਾਲੇ ਨੇ ਉਨ੍ਹਾਂ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਈਆਂ ਗਈਆਂ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *