ਜਲੰਧਰ ‘ਚ ਇੰਤਜ਼ਾਰ ਕਰਦੇ ਰਹੇ ਅਧਿਕਾਰੀ, ED ਸਾਹਮਣੇ ਪੇਸ਼ ਹੋਣ ਨਹੀਂ ਪਹੁੰਚੇ ਕੈਪਟਨ ਦੇ ਪੁੱਤਰ ਰਣਇੰਦਰ

ਜਲੰਧਰ : ਮੁੱਖ ਮੰਤਰੀ Captain Amarinder Singh ਦੇ ਪੁੱਤਰ ਰਣਇੰਦਰ ਸਿੰਘ ਨੂੰ ਅੱਜ ਲੁਧਿਆਣਾ ‘ਚ ਆਮਦਨ ਕਰ ਵਿਭਾਗ ਵੱਲੋਂ ਆਮਦਨ ਤੋਂ ਜ਼ਿਆਦਾ ਜਾਇਦਾਦ ਮਾਮਲੇ ‘ਚ ਈਡੀ (ED) ਦਫ਼ਤਰ ‘ਚ ਪੇਸ਼ ਹੋਣਾ ਸੀ। ਅਫ਼ਸਰ ਉਨ੍ਹਾਂ ਦਾ ਇੰਤਜ਼ਾਰ ਕਰਦੇ ਰਹੇ ਪਰ ਉਹ ਨਹੀਂ ਆਏ। ED ਨੇ ਰਣਇੰਦਰ ਸਿੰਘ ਨੂੰ ਪੇਸ਼ ਹੋਣ ਲਈ 27 ਅਕਤੂਬਰ ਲਈ ਸਮਨ ਜਾਰੀ ਕੀਤਾ ਸੀ। ਬਾਅਦ ਵਿਚ ਇਹ ਜਾਣਕਾਰੀ ਮਿਲੀ ਕਿ ਰਣਇੰਦਰ ਅੱਜ ਪੇਸ਼ ਨਹੀਂ ਹੋਣਗੇ। ਰਣਇੰਦਰ ਨੇ ਅੱਜ ਓਲੰਪਿਕ ਗੇਮਜ਼ ਸਬੰਧੀ ਹੋ ਰਹੀ ਬੈਠਕ ‘ਚ ਹਿੱਸਾ ਲੈਣਾ ਹੈ।
ਦੱਸ ਦੇਈਏ ਕਿ ਲੁਧਿਆਣਾ ‘ਚ ਆਮਦਨ ਕਰ ਵਿਭਾਗ ਨੇ Raninder Singh ਤੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਕੇਸ ਦਰਜ ਕੀਤਾ ਹੋਇਆ ਹੈ। ਆਮਦਨ ਕਰ ਵਿਭਾਗ ਦੀ ਅਦਾਲਤ ‘ਚ ਇਸ ਮਾਮਲੇ ‘ਚ ਸੁਣਵਾਈ ਫਿਲਹਾਲ ਚੱਲ ਰਹੀ ਹੈ। ED ਨੇ ਪਹਿਲਾਂ ਆਮਦਨ ਕਰ ਵਿਭਾਗ ਨਾਲ ਸਬੰਧਤ ਦਸਤਾਵੇਜ਼ਾਂ ਦੀ ਮੰਗ ਕੀਤੀ ਸੀ, ਪਰ ਆਮਦਨ ਕਰ ਵਿਭਾਗ ਨੇ ਗੋਪਨੀਅਤਾ ਦੇ ਕਾਨੂੰਨ ਨੂੰ ਆਧਾਰ ਬਣਾ ਕੇ ED ਨੂੰ ਦਸਤਾਵੇਜ਼ ਮੁਹੱਈਆ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।
ED ਨੇ 2014-15 ‘ਚ ਪਹਿਲੀ ਵਾਰ ਇਸ ਸਬੰਧੀ ਰਣਇੰਦਰ ਸਿੰਘ ਨੂੰ ਸਮਨ ਜਾਰੀ ਕੀਤਾ ਸੀ। ਉਸ ਵੇਲੇ ਰਣਇੰਦਰ ED ਦੇ ਦਫ਼ਤਰ ‘ਚ ਪੇਸ਼ ਹੋਏ ਸਨ, ਪਰ ਉਨ੍ਹਾਂ ਸਬੰਧਤ ਪੂਰੇ ਦਸਾਤਵੇਜ਼ ਨਹੀਂ ਸੌਂਪੇ ਸਨ। ਇਸ ਤੋਂ ਬਾਅਦ ਹੁਣ ED ਨੇ ਦੁਬਾਰਾ ਸਮਨ ਜਾਰੀ ਕੀਤਾ ਹੈ। ਦੋਸ਼ ਹਨ ਕਿ ਦੁਬਈ ‘ਚ ਪ੍ਰਾਪਰਟੀ ਤੇ ਵਿਦੇਸ਼ਾਂ ‘ਚ ਬੈਂਕ ਖਾਤੇ ਤੇ ਉਨ੍ਹਾਂ ਵੱਲੋਂ ਕੀਤੀ ਗਈ ਟ੍ਰਾਂਜ਼ੈਕਸ਼ਨ ਨੂੰ ਆਧਾਰ ਬਣਾ ਕੇ ED ਨੇ ਮਾਮਲਿਆਂ ਦੀ ਪਡ਼ਤਾਲ ਸ਼ੁਰੂ ਕੀਤੀ ਹੈ।
ਰਣਇੰਦਰ ਨੈਸ਼ਨਲ ਰਾਈਫਲ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ। ਮੰਗਲਵਾਰ ਨੂੰ ਰਣਇੰਦਰ ਓਲੰਪਿਕ ਸਬੰਧੀ ਪਾਰਲੀਮੈਂਟਰੀ ਪੈਨਲ ਦੀ ਬੈਠਕ ‘ਚ ਸ਼ਾਮਲ ਹੋਣ ਜਾ ਰਹੇ ਹਨ। ਅਗਲੇ ਸਾਲ ਹੋਣ ਵਾਲੀਆਂ ਓਲੰਪਿਕ ਗੇਮਜ਼ ਸਬੰਧੀ ਇਹ ਬੈਠਕ ਅਹਿਮ ਹੈ, ਇਸ ਲਈ ਰਣਇੰਦਰ ਮੰਗਲਵਾਰ ਨੂੰ ED ਦਫ਼ਤਰ ‘ਚ ਪੇਸ਼ ਨਹੀਂ ਹੋਏ। ਉਨ੍ਹਾਂ ਦੇ ਵਕੀਲ ਜੈਵੀਰ ਸ਼ੇਰਗਿਲ ਇਸ ਮਾਮਲੇ ਸਬੰਧੀ ED ਨਾਲ ਸਬੰਧਤ ਕਾਰਵਾਈ ‘ਚ ਜੁਟੇ ਹਨ।

Leave a Reply

Your email address will not be published. Required fields are marked *